ਬਿਓਰੋ। ਵਿਦੇਸ਼ ‘ਚ ਨੌਕਰੀ ਦੀ ਚਾਹਤ ਇੱਕ ਵਾਰ ਫਿਰ ਪੰਜਾਬੀਆਂ ‘ਤੇ ਭਾਰੀ ਪਈ ਹੈ। ਪੰਜਾਬ ਦੀਆਂ ਕਰੀਬ 12 ਮਹਿਲਾਵਾਂ ਪੰਜਾਬ ਦੇ ਟ੍ਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਈਆਂ ਹਨ। ਇਹਨਾਂ ਮਹਿਲਾਵਾਂ ਨੇ ਹੁਣ ਸੰਗਰੂਰ ਤੋਂ ‘ਆਪ’ ਦੇ ਸਾਂਸਦ ਭਗਵੰਤ ਮਾਨ ਦੇ ਨਾੰਅ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਗੁਹਾਰ ਲਗਾਈ ਹੈ।
ਇਸ ਵੀਡੀਓ ‘ਚ ਮਹਿਲਾਵਾਂ ਆਪਣੀ ਹੱਡਬੀਤੀ ਬਿਆਨ ਕਰ ਰਹੀਆਂ ਹਨ। ਮਹਿਲਾਵਾਂ ਮੁਤਾਬਕ, ਉਹਨਾਂ ਨੂੰ ਨੌਕਰੀ ਦੇ ਨਾੰਅ ‘ਤੇ ਇਰਾਕ ਭੇਜਿਆ ਗਿਆ, ਜਿਥੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ। ਇਹਨਾਂ ਦੇ ਪਾਸਪੋਰਟ ਦੇ ਨਾਲ-ਨਾਲ ਮੋਬਾਈਲ ਫੋਨ ਵੀ ਖੋਹ ਲਏ ਜਾਂਦੇ ਹਨ, ਜਿਸਦੇ ਚਲਦੇ ਉਹ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਸਕਦੀਆਂ।
ਇਰਾਕ ‘ਚ ਫਸੀਆਂ ਮਹਿਲਾਵਾਂ ਦੀ ਵੀਡੀਓ ਫੇਸਬੁੱਕ ‘ਤੇ ਪੋਸਟ ਕਰਦਿਆਂ ਭਗਵੰਤ ਮਾਨ ਨੇ ਲਿਖਿਆ, “ਆਹ ਵੀਡੀਓ ਦੇਖ ਕੇ ਦਿਲ ਬਹੁਤ ਦੁਖੀ ਹੋਇਆ..ਪੰਜਾਬ ਦੀਆਂ ਧੀਆਂ-ਭੈਣਾਂ ਕਿਵੇਂ ਰੋਜ਼ੀ-ਰੋਟੀ ਲਈ ਇਰਾਕ ਵਰਗੇ ਮੁਲਕਾਂ ‘ਚ ਰੁਲ਼ਦੀਆਂ ਫਿਰਦੀਆਂ ਨੇ…ਕਿਰਪਾ ਕਰਕੇ ਇਹਨਾਂ ਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਮੈਨੂੰ ਭੇਜੋ…ਇਹ ਜਲਦੀ ਹੀ ਪੰਜਾਬ ਆਪਣੇ ਪਰਿਵਾਰਾਂ ‘ਚ ਆ ਜਾਣਗੀਆਂ…ਮਾਫ਼ੀ ਚਾਹੁੰਦੇ ਹਾਂ ਇਹਨਾਂ ਕੁੜੀਆਂ ਤੋਂ ਕਿ ਤੁਹਾਨੂੰ ਮਜਬੂਰੀ ‘ਚ ਦੇਸ਼ ਛੱਡਣਾ ਪਿਆ…ਵਾਹਿਗੁਰੂ ਭਲੀ ਕਰੇ।”
ਵਿਦੇਸ਼ ਮੰਤਰੀ ਤੋਂ ਦਖਲ ਦੀ ਮੰਗ
‘ਆਪ’ ਸਾਂਸਦ ਭਗਵੰਤ ਮਾਨ ਨੇ ਇਸ ਮਾਮਲੇ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਦਖਲ ਦੀ ਮੰਗ ਕੀਤੀ ਹੈ। ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਸਵੇਰੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਕਿ ਇਰਾਕ ‘ਚ ਭਾਰਤੀ ਅੰਬੈਸੀ ਨਾਲ ਗੱਲ ਕਰਕੇ ਪੰਜਾਬੀ ਮਹਿਲਾਵਾਂ ਦੀ ਵਤਨ ਵਾਪਸੀ ਯਕੀਨੀ ਬਣਾਈ ਜਾਵੇ।