ਬਿਓਰੋ। ਰੇਪ ਕੇਸ ‘ਚ ਹਰਿਆਣਾ ਦੀ ਜੇਲ੍ਹ ‘ਚ ਬੰਦ ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਸੁਰਖੀਆਂ ‘ਚ ਹੈ। ਬੇਅਦਬੀ ਮਾਮਲਿਆਂ ਨੂੰ ਲੈ ਕੇ ਰਾਮ ਰਹੀਮ ਦਾ ਨਾੰਅ ਮੁੜ ਉਛਲਿਆ ਹੈ। ਇਸ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੈਪਟਨ ਸਰਕਾਰ ‘ਤੇ ਰਾਮ ਰਹੀਮ ਨੂੰ ਬਚਾਉਣ ਦੇ ਗੰਭੀਰ ਇਲਜ਼ਾਮ ਲਾਏ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਿਨ ਪਹਿਲਾਂ ਬੇਅਦਬੀ ਮਾਮਲੇ ਨਾਲ ਜੁੜੀ FIR ਨੰਬਰ-63 ‘ਚ ਨਵੀਂ SIT ਨੇ ਚਲਾਨ ਪੇਸ਼ ਕੀਤਾ, ਪਰ ਚਲਾਨ ‘ਚ ਰਾਮ ਰਹੀਮ ਦਾ ਨਾੰਅ ਸ਼ਾਮਲ ਨਹੀਂ ਕੀਤਾ ਗਿਆ। ਜਦਕਿ FIR ‘ਚ ਰਾਮ ਰਹੀਮ ਦਾ ਵੀ ਨਾੰਅ ਸੀ। ਜਥੇਦਾਰ ਨੇ ਕਿਹਾ ਕਿ ਇਸ ਨਾਲ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੁੰਦੇ ਹਨ।
ਵੋਟ ਬੈਂਕ ਲਈ ਰਾਮ ਰਹੀਮ ਨੂੰ ਬਚਾ ਰਹੀ ਸਰਕਾਰ- ਜਥੇਦਾਰ
ਜਥੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਰਾਮ ਰਹੀਮ ਨੂੰ ਹਰਿਆਣਾ ਤੋਂ ਪੰਜਾਬ ਲਿਆ ਕੇ ਪੁੱਛਗਿੱਛ ਕਰਨੀ ਚਾਹੀਦੀ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਵਿਧਾਨ ਸਭਾ ਚੋਣਾਂ ‘ਚ ਡੇਰੇ ਦੀ ਵੋਟ ਹਾਸਲ ਕਰਨ ਲਈ ਪੰਜਾਬ ਸਰਕਾਰ ਰਾਮ ਰਹੀਮ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ। ਜਥੇਦਾਰ ਨੇ ਸਵਾਲ ਕੀਤਾ ਕਿ ਬੇਅਦਬੀ ਮਾਮਲਿਆਂ ‘ਚ ਇਨਸਾਫ਼ ਲਈ ਸੰਘਰਸ਼ ਕਰਨ ਦੀ ਗੱਲ ਕਹਿਣ ਵਾਲੀਆਂ ਪੰਥਕ ਜਥੇਬੰਦੀਆਂ ਵੀ ਇਸ ‘ਤੇ ਖਾਮੋਸ਼ ਕਿਉਂ ਹਨ।
SGPC ਪ੍ਰਧਾਨ ਨੇ ਵੀ ਚੁੱਕੇ ਸਵਾਲ
SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, “ਪੰਜਾਬ ਸਰਕਾਰ ਸੋਦਾ ਸਾਧ ਨੂੰ ਬਚਾ ਕੇ ਆਪਣਾ ਰਾਜਸੀ ਮਨੋਰਥ ਸਿੱਧ ਕਰਨਾ ਕਰਨਾ ਚਾਹੁੰਦੀ ਹੈ ਅਤੇ 2022 ਦੀਆਂ ਚੋਣਾ ਵਿੱਚ ਉਸਦੀ ਹਮਦਰਦੀ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਇਹ ਗੱਲ ਆਖ ਰਹੇ ਹਨ ਕਿ ਉਨ੍ਹਾਂ ਨੇ ਪਿਤਾ ਜੀ (ਰਾਮ ਰਹੀਮ) ਦੇ ਕਹਿਣ ‘ਤੇ ਅਜਿਹਾ ਕੀਤਾ ਸੀ, ਪਰ ਦੁੱਖ ਦੀ ਗਲ ਹੈ ਕਿ ਅੱਜ ਸੋਦਾ ਸਾਧ ਨੂੰ ਬਚਾਉਣ ਦੀ ਕੋਸ਼ਿਸ ਹੋ ਰਹੀ ਹੈ।” ਬੀਬੀ ਜਗੀਰ ਕੌਰ ਨੇ ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸੋਦਾ ਸਾਧ ਦਾ ਨਾਮ ਮੁੜ ਕੇਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।
ਡੇਰਾ ਮੁਖੀ ਨਾਲ ਕਾਂਗਰਸ ਨੇ ਕੀਤਾ ਸੌਦਾ- ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ‘ਤੇ ਹਮਲਾਵਰ ਹੈ। ਅਕਾਲੀ ਦਲ ਨੇ ਕਿਹਾ, “ਕਾਂਗਰਸ ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਜਾਣ ਬੁੱਝ ਕੇ ਕਾਰਵਾਈ ਨਹੀਂ ਕਰ ਰਹੀ, ਤਾਂ ਜੋ ਬਦਲੇ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਕਾਂਗਰਸ ਦੀ ਮਦਦ ਕਰ ਸਕੇ।”
ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਰਾਮ ਰਹੀਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗਾਂਧੀ ਪਰਿਵਾਰ ਵੱਲੋਂ ਡੇਰਾ ਮੁਖੀ ਨਾਲ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਲਈ ਕੀਤੀ ਸੌਦੇਬਾਜ਼ੀ ਵਜੋਂ ਰਾਹਤ ਦਿੱਤੀ ਗਈ।
ਇਲਜ਼ਾਮਾਂ ‘ਤੇ SIT ਨੇ ਦਿੱਤੀ ਸਫਾਈ
ਰਾਮ ਰਹੀਮ ਨੂੰ ਬਚਾਉਣ ਦੇ ਇਲਜ਼ਾਮ ਲੱਗੇ, ਤਾਂ ਖੁਦ SIT ਦੇ ਮੁਖੀ SPS ਪਰਮਾਰ ਨੂੰ ਬਿਆਨ ਜਾਰੀ ਕਰਕੇ ਸਫਾਈ ਦੇਣੀ ਪਈ। SIT ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਸਬੰਧੀ ਕੇਸਾਂ ਦੀ ਜਾਂਚ ਸਹੀ ਦਿਸ਼ਾ ਵੱਲ ਵੱਧ ਰਹੀ ਹੈ। ਉਹਨਾਂ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਾਂ ਕਿਸੇ ਹੋਰ ਵਿਅਕਤੀ ਨੂੰ ਕਲੀਨ ਚਿੱਟ ਦੇਣ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ।
ਕਲੀਨ ਚਿੱਟ ਦੇਣ ਦੀ ਗੱਲ ਗਲਤ- SIT
SIT ਮੁਖੀ ਨੇ ਕਿਹਾ ਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਜਾਂਚ ਅਜੇ ਵੀ ਚੱਲ ਰਹੀ ਹੈ। ਥਾਣਾ ਬਾਜਾਖਾਨਾ ਵਿਖੇ ਦਰਜ ਐਫਆਈਆਰ ਨੰ. 128/2015 ਦੇ ਚਲਾਨ ਅਨੁਸਾਰ, ਇਹ ਸਪੱਸ਼ਟ ਤੌਰ ‘ਤੇ ਦਰਸਾਇਆ ਗਿਆ ਹੈ ਕਿ ਜੇਕਰ ਬੇਅਦਬੀ ਸਬੰਧੀ ਕੇਸਾਂ ਲਈ ਚੱਲ ਰਹੀ ਜਾਂਚ ਦੌਰਾਨ ਕਿਸੇ ਦੇ ਵਿਰੁੱਧ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਸ ਵਿਰੁੱਧ ਪੂਰਕ ਚਲਾਨ ਪੇਸ਼ ਕੀਤੇ ਜਾਣਗੇ।
ਇਸ ਭਾਵਨਾਤਮਕ ਮਾਮਲੇ ਸੰਬੰਧੀ ਗਲ਼ਤ ਅਤੇ ਗੈਰ-ਜ਼ਿੰਮੇਵਾਰਾਨਾ ਜਾਣਕਾਰੀ ਫੈਲਾਉਣ ਖਿਲਾਫ਼ ਸਾਵਧਾਨ ਕਰਦਿਆਂ ਐਸਆਈਟੀ ਚੀਫ਼ ਨੇ ਮੀਡੀਆ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਬਿਨ੍ਹਾਂ ਪੁਸ਼ਟੀ ਵਾਲੀ ਰਿਪੋਰਟ ਨੂੰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਜਾਂ ਕਿਸੇ ਵਿਰੁੱਧ ਕੋਈ ਗੈਰ-ਅਧਿਕਾਰਤ ਦੋਸ਼ ਲਗਾਉਣ ਤੋਂ ਪਹਿਲਾਂ ਸੰਜਮ ਦੀ ਵਰਤੋਂ ਕਰਨ।