Home Politics ਪੰਜਾਬ 'ਚ 'ਬੱਤੀ ਗੁੱਲ' ਹੋਣ 'ਤੇ 'ਸਿਆਸਤ ਫੁੱਲ'...ਸੜਕਾਂ 'ਤੇ ਉਤਰਨ ਦੀ ਤਿਆਰੀ

ਪੰਜਾਬ ‘ਚ ‘ਬੱਤੀ ਗੁੱਲ’ ਹੋਣ ‘ਤੇ ‘ਸਿਆਸਤ ਫੁੱਲ’…ਸੜਕਾਂ ‘ਤੇ ਉਤਰਨ ਦੀ ਤਿਆਰੀ

ਬਿਓਰੋ। ਪਹਿਲਾਂ ਤੋਂ ਹੀ ਕਈ ਮੋਰਚਿਆਂ ‘ਤੇ ਘਿਰੀ ਕੈਪਟਨ ਸਰਕਾਰ ਨੂੰ ਹੁਣ ਬਿਜਲੀ ਦਾ ਝਟਕਾ ਲੱਗਿਆ ਹੈ। ਦਰਅਸਲ, ਰੋਪੜ ਪਲਾਂਟ ਦੀ 2 ਯੂਨਿਟ ‘ਚ ਤਕਨੀਕੀ ਖਰਾਬੀ ਦੇ ਚਲਦੇ ਪੰਜਾਬ ‘ਚ ਜ਼ਬਰਦਸਤ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ‘ਚ ਵੀ ਲੰਮੇ-ਲੰਮੇ ਕੱਟ ਲੱਗ ਰਹੇ ਹਨ। ਪਹਿਲਾਂ ਤੋਂ ਹੀ ਗਰਮੀ ਨਾਲ ਬੇਹਾਲ ਲੋਕ ਬਿਜਲੀ ਸੰਕਟ ਦੇ ਚਲਦੇ ਹੋਰ ਤੱਤੇ ਹੋ ਗਏ ਹਨ।

ਆਮ ਲੋਕਾਂ ਦੇ ਨਾਲ-ਨਾਲ ਵਿਰੋਧੀ ਵੀ ਕੈਪਟਨ ਸਰਕਾਰ ਖਿਲਾਫ਼ ਹਮਲਾਵਰ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ, “ਕੈਪਟਨ ਸਰਕਾਰ ਵੱਲੋਂ ਲਗਾਏ ਜਾ ਰਹੇ ਬਿਜਲੀ ਕੱਟ ਝੋਨੇ ਦੀ ਬਿਜਾਈ ਦੇ ਪੀਕ ਸੀਜ਼ਨ ‘ਚ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਨਾ ਦੇਣ ਦਾ ਮਹਿਜ਼ ਇੱਕ ਬਹਾਨਾ ਹੈ। ਲੰਮੇ ਪਾਵਰ ਕੱਟ ਦਾ ਯੁਗ ਵਾਪਸ ਆ ਗਿਆ ਹੈ। ਉਹ ਵੀ ਉਸ ਵੇਲੇ, ਜਦੋਂ ਵਿਰੋਧੀ ਵੀ ਮੰਨਦੇ ਹਨ ਕਿ ਅਸੀਂ ਪੰਜਾਬ ਪਾਵਰ ਸਰਪਲੱਸ ਛੱਡਿਆ ਸੀ। ਆਮ ਆਦਮੀ ਪਾਰਟੀ ਕੈਪਟਨ ਨਾਲ ਮਿਲੀ ਹੋਈ ਹੈ। ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਰਹੇਗਾ।”

ਸੁਖਬੀਰ ਬਾਦਲ ਨੇ ਇੱਕ ਟਵੀਟ ‘ਚ ਇਹ ਵੀ ਲਿਖਿਆ ਕਿ ਖੇਤੀ ਅਤੇ ਘਰੇਲੂ ਸੈਕਟਰ ਲਈ ਪਾਵਰ ਸਪਲਾਈ ਦੀ ਬਹਾਲੀ ਲਈ ਅਕਾਲੀ ਦਲ ਸ਼ੁੱਕਰਵਾਰ ਨੂੰ PSPCL ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰੇਗਾ।

ਓਧਰ ਆਮ ਆਦਮੀ ਪਾਰਟੀ ਵੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ਼ ਸ਼ਨੀਵਾਰ ਨੂੰ ਸੜਕਾਂ ‘ਤੇ ਉਤਰੇਗੀ। ‘ ਆਪ’ ਵੱਲੋਂ ਸੀਐੱਮ ਦੇ ਸਿਸਵਾਂ ਫਾਰਮ ਹਾਈਸ ਦੇ ਘੇਰਾਓ ਦੀ ਚੇਤਾਵਨੀ ਦਿੱਤੀ ਗਈ ਹੈ। ਆਪ ਦੀ ਮੰਗ ਹੈ ਕਿ ਪੰਜਾਬ ਦੇ ਲੋਕਾਂ ਨੂੰ ਖਾਸਕਰ ਕਿਸਾਨ ਵਰਗ ਨੂੰ ਬਿਜਲੀ ਹਰ ਹਾਲ ‘ਚ ਮੁਹੱਈਆ ਕਰਵਾਈ ਜਾਵੇ।

32 ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 5 ਜੁਲਾਈ ਤੱਕ ਹਾਲਾਤ ਨਾ ਸੁਧਰੇ, ਤਾਂ 6 ਜੁਲਾਈ ਨੂੰ ਸੂਬੇ ਭਰ ‘ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ। ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਤਮਾਮ ਦਾਅਵਿਆਂ ਦੇ ਬਾਵਜੂਦ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਨਹੀਂ ਦਿਤੀ ਜਾ ਰਹੀ।

ਕਿਉਂ ਗਹਿਰਾਇਆ ਬਿਜਲੀ ਸੰਕਟ?

ਬਿਜਲੀ ਵਿਭਾਗ ਮੁਤਾਬਕ, ਪੰਜਾਬ ‘ਚ ਇਸ ਵੇਲੇ ਪੀਕ ਆਵਰ ‘ਚ 14,500 ਮੈਗਾਵਾਟ ਬਿਜਲੀ ਦੀ ਡਿਮਾਂਡ ਰਿਕਾਰਡ ਕੀਤੀ ਗਈ ਹੈ, ਜਦਕਿ ਸਪਲਾਈ 12-13 ਹਜ਼ਾਰ ਵਿਚਾਲੇ ਹੈ। ਯਾਨੀ ਕਰੀਬ 1500-2000 ਮੈਗਾਵਾਟ ਬਿਜਲੀ ਸਪਲਾਈ ਦੀ ਘਾਟ ਹੈ। ਇਹੀ ਘਾਟ ਬਿਜਲੀ ਦੇ ਲੰਮੇ-ਲੰਮੇ ਕੱਟਾਂ ਦੀ ਵਜ੍ਹਾ ਬਣ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments