ਬਿਓਰੋ। ਕੋਰੋਨਾ ਕਾਲ ‘ਚ ਵਿਸਾਖੀ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਭਾਰਤ ਪਰਤਣ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਬਾਰਡਰ ‘ਤੇ ਪਹੁੰਚੇ ਸ਼ਰਧਾਲੂਆਂ ਦਾ ਜਦੋਂ ਕੋਰੋਨਾ ਟੈਸਟ ਹੋਇਆ, ਤਾਂ 200 ਸ਼ਰਧਾਲੂ ਕੋਰੋਨਾ ਪਾਜ਼ੀਟਿਵ ਪਾਏ ਗਏ। ਹਾਲਾਂਕਿ ਅਜੇ ਤੱਕ ਸਾਰਿਆਂ ਦਾ ਕੋਰੋਨਾ ਟੈਸਟ ਨਹੀਂ ਹੋਇਆ ਹੈ।
ਦਰਅਸਲ, ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਜੱਥੇ ‘ਚ 816 ਸਿੱਖ ਸ਼ਰਧਾਲੂ ਸਨ। ਅੰਮ੍ਰਿਤਸਰ ਦੇ ਸਿਵਲ ਸਰਜਨ ਮੁਤਾਬਕ, ਜਦੋਂ ਸਿਰਫ਼ 650 ਲੋਕਾਂ ਦਾ ਹੀ ਰੈਪਿਡ ਟੈਸਟ ਹੋਇਆ ਸੀ, ਉਹਨਾਂ ‘ਚੋਂ 200 ਲੋਕ ਸੰਕ੍ਰਮਿਤ ਪਾਏ ਗਏ। ਇਸ ਤੋਂ ਬਾਅਦ ਸ਼ਰਧਾਲੂ ਮੈਡੀਕਲ ਟੀਮ ਨਾਲ ਬਦਸਲੂਕੀ ਕਰਨ ਲੱਗੇ, ਜਿਸਦੇ ਚਲਦੇ ਟੈਸਟਿੰਗ ਰੋਕਣੀ ਪਈ। ਸਿਵਲ ਸਰਜਨ ਵੱਲੋਂ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕਰਵਾਉਣ ਅਤੇ ਜਾਂਚ ਦੀ ਗੱਲ ਵੀ ਕਹੀ ਗਈ ਹੈ।
ਇਕਾਂਤਵਾਸ ‘ਚ ਰਹਿਣ ਸੰਕ੍ਰਮਿਤ ਸ਼ਰਧਾਲੂ- SGPC
SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਪਰਤੇ ਜੋ ਸਿੱਖ ਸ਼ਰਧਾਲੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਉਹਨਾਂ ਨੂੰ ਸਰੀਰਕ ਪੱਖੋਂ ਕੋਈ ਸਮੱਸਿਆ ਨਹੀਂ ਹੈ। ਲਿਹਾਜ਼ਾ ਉਹ ਆਪਣੇ ਘਰਾਂ ‘ਚ ਇਕਾਂਤਵਾਸ ‘ਚ ਰਹਿਣ। ਬੀਬੀ ਜਗੀਰ ਕੌਰ ਨੇ ਸ਼ਰਧਾਲੂਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
10 ਦਿਨਾਂ ਲਈ ਪਾਕਿ ਗਏ ਸਨ 816 ਸ਼ਰਧਾਲੂ
ਦੱਸ ਦਈਏ ਕਿ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਜਾਣ ਤੋਂ ਪਹਿਲਾਂ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ। ਕੋਰੋਨਾ ਟੈਸਟ ‘ਚ ਨੈਗੇਟਿਵ ਪਾਏ ਜਾਣ ‘ਤੇ ਹੀ 12 ਅਪ੍ਰੈਲ ਨੂੰ 816 ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਸਾਰੇ ਲੋਕ 10 ਦਿਨਾਂ ਦੇ ਵੀਜ਼ੇ ‘ਤੇ ਪਾਕਿਸਤਾਨ ਗਏ ਹਨ। ਇਹ ਸਾਰੇ ਸ਼ਰਧਾਲੂ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ‘ਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਵੀ ਮੱਥਾ ਟੇਕਣ ਲਈ ਗਏ ਸਨ। ਫਿਲਹਾਲ ਕੋਰੋਨਾ ਮਹਾਂਮਾਰੀ ਦੇ ਚਲਦੇ ਪਾਕਿਸਤਾਨ ਨੇ ਭਾਰਤ ਤੋਂ ਉਥੇ ਪਹੁੰਚਣ ਵਾਲੇ ਯਾਤਰੀਆਂ ‘ਤੇ 2 ਹਫ਼ਤਿਆਂ ਦਾ ਬੈਨ ਲਗਾਇਆ ਹੈ।