ਬਿਓਰੋ। ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਕੋਰੋਨਾ ਟੈਸਟਿੰਗ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗੈ। ਵੀਰਵਾਰ ਨੂੰ ਸੋਨੀਪਤ ‘ਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਿਸਾਨ ਆਗੂਆਂ ਦੀ ਬੈਠਕ ਹੋਈ, ਪਰ ਕੋਈ ਹੱਲ ਨਹੀਂ ਨਿਕਲਿਆ। ਬੈਠਕ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਧਰਨੇ ‘ਚ ਸ਼ਾਮਲ ਕੋਈ ਵੀ ਅੰਦੋਲਨਕਾਰੀ ਕੋਰੋਨਾ ਜਾਂਚ ਨਹੀਂ ਕਰਵਾਏਗਾ।
ਜ਼ਬਰਦਸਤੀ ਨਾ ਕਰੇ ਪ੍ਰਸ਼ਾਸਨ- ਕਿਸਾਨ
ਬੈਠਕ ‘ਚ ਸ਼ਾਮਲ ਹੋਏ ਕਿਸਾਨ ਆਗੂ ਡਾ. ਦਰਸ਼ਨਪਾਲ ਅਤੇ ਗੁਰਨਾਮ ਚਢੂਨੀ ਨੇ ਕਿਹਾ ਕਿ ਕੋਰੋਨਾ ਜਾਂਚ ਦਾ ਸਵਾਲ ਹੀ ਨਹੀਂ ਉੱਠਦਾ। ਉਹਨਾਂ ਕਿਹਾ ਕਿ 5 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ ਅਤੇ ਹਾਲੇ ਤੱਕ ਇੱਕ ਵੀ ਸ਼ਖਸ ਕੋਰੋਨਾ ਸੰਕ੍ਰਮਿਤ ਨਹੀਂ ਹੋਇਆ। ਇਸ ਲਈ ਕੋਈ ਵੀ ਅੰਦੋਲਨਕਾਰੀ ਕੋਰੋਨਾ ਜਾਂਚ ਨਹੀਂ ਕਰਵਾਏਗਾ ਅਤੇ ਸਰਕਾਰ ਜਾਂ ਪ੍ਰਸ਼ਾਸਨ ਜ਼ਬਰਦਸਤੀ ਨਾ ਕਰੇ। ਗੁਰਨਾਮ ਚਢੂਨੀ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਜ਼ਬਰਦਸਤੀ ਕੀਤੀ, ਤਾਂ ਟਕਰਾਅ ਦੇ ਹਾਲਾਤ ਪੈਦਾ ਹੋਣਗੇ।
ਟੀਕਾਕਰਨ ‘ਤੇ ਇਤਰਾਜ਼ ਨਹੀਂ
ਟੀਕਾਕਰਨ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਇਸ ‘ਤੇ ਇਤਰਾਜ਼ ਨਹੀਂ ਹੈ। ਜਿਸਦੀ ਇੱਛਾ ਹੋਵੇ, ਉਹ ਟੀਕਾ ਲਗਵਾ ਸਕਦਾ ਹੈ। ਦੱਸ ਦਈਏ ਕਿ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਹਰਿਆਣਾ ਨੂੰ ਲੱਗਦੇ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਕੋਰੋਨਾ ਟੈਸਟਿੰਗ ਅਤੇ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਸੀ।