ਚੰਡੀਗੜ੍ਹ। ਦੇਸ਼ ਭਰ ‘ਚ ਰੋਜ਼ਾਨਾ ਕੋਰੋਨਾ ਦੇ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਇਹਨਾਂ ਅੰਕੜਿਆਂ ‘ਚ ਪੰਜਾਬ ਦੀ ਵੀ ਸਭ ਤੋਂ ਵੱਡੀ ਭੂਮਿਕਾ ਹੈ, ਜਿਥੇ ਆਏ ਦਿਨ ਕੋਰੋਨਾ ਸਾਰੇ ਰਿਕਾਰਡ ਤੋੜਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ‘ਚ 142 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ 6472 ਮਰੀਜ਼ਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਗੁਰਦਾਸਪੁਰ ਤੋਂ ਸਾਹਮਣੇ ਆਏ ਮੌਤਾਂ ਦੇ ਅੰਕੜਿਆਂ ਨੇ ਹਿਲਾ ਕੇ ਰੱਖ ਦਿੱਤਾ ਹੈ। ਜ਼ਿਲ੍ਹੇ ‘ਚ ਪਿਛਲੇ 24 ਘੰਟਿਆਂ ਦੌਰਾਨ 22 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 18, ਲੁਧਿਆਣਾ ‘ਚ 15 ਅਤੇ ਜਲੰਧਰ ‘ਚ 8 ਲੋਕਾਂ ਨੇ ਦਮ ਤੋੜਿਆ ਹੈ।
ਨਵੇਂ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ‘ਚ ਵੀ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਲੁਧਿਆਣਾ ‘ਚ ਪਿਛਲੇ 24 ਘੰਟਿਆਂ ਦੌਰਾਨ 952 ਅਤੇ ਮੋਹਾਲੀ ‘ਚ 867 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।