Home Governance & Management ਧੀਆਂ ਨੂੰ ਹੁਣ ਅਸ਼ੀਰਵਾਦ 'ਚ 21 ਨਹੀਂ, 51 ਹਜ਼ਾਰ ਮਿਲਣਗੇ, ਪੜ੍ਹੋ ਪੂਰੀ...

ਧੀਆਂ ਨੂੰ ਹੁਣ ਅਸ਼ੀਰਵਾਦ ‘ਚ 21 ਨਹੀਂ, 51 ਹਜ਼ਾਰ ਮਿਲਣਗੇ, ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ। ਪੰਜਾਬ ‘ਚ ਇੱਕ ਜੁਲਾਈ ਤੋਂ ਧੀਆਂ ਦੇ ਵਿਆਹ ਲਈ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 21 ਹਜ਼ਾਰ ਨਹੀਂ, 51 ਹਜ਼ਾਰ ਰੁਪਏ ਦਿੱਤੇ ਜਾਣਗੇ। ਪੰਜਾਬ ਕੈਬਨਿਟ ਵੱਲੋਂ ਰਾਸ਼ੀ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੀਐੱਮ ਨੇ ਇਸ ਯੋਜਨਾ ਅਧੀਨ ਸਾਰੇ ਬਕਾਏ ਨਿਪਟਾਉਣ ਦੀ ਵੀ ਹਦਾਇਤ ਦਿੱਤੀ ਹੈ। ਕੈਬਨਿਟ ਮੀਟਿੰਗ ਵਿੱਚ ਦੱਸਿਆ ਗਿਆ ਕਿ ਇਸ ਯੋਜਨਾ ਤਹਿਤ ਦਸੰਬਰ 2020 ਤੱਕ ਦੀ ਅਦਾਇਗੀ ਪਹਿਲਾਂ ਹੀ ਕਰ ਦਿੱਤੀ ਗਈ ਹੈ।

ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਜਨਾ ਅਧੀਨ ਇਹ ਤਾਜ਼ਾ ਵਾਧਾ 1 ਜੁਲਾਈ 2021 ਤੋਂ ਲਾਗੂ ਹੋਵੇਗਾ। ਮੌਜੂਦਾ ਸਰਕਾਰ ਦੁਆਰਾ ਸਕੀਮ ਦੀ ਰਾਸ਼ੀ ਵਿੱਚ ਕੀਤਾ ਗਿਆ ਇਹ ਦੂਜਾ ਵਾਧਾ ਹੈ। ਪਹਿਲਾਂ 2017 ਵਿੱਚ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਸਹਾਇਤਾ ਰਾਸ਼ੀ 15,000 ਰੁਪਏ ਤੋਂ ਵਧਾ ਕੇ 21,000 ਰੁਪਏ ਕੀਤੀ ਗਈ ਸੀ ਅਤੇ ਸ਼ਗਨ ਸਕੀਮ ਦਾ ਨਾਮ ਬਦਲ ਕੇ ਆਸ਼ੀਰਵਾਦ ਯੋਜਨਾ ਰੱਖਿਆ ਗਿਆ ਸੀ। ਉਸ ਸਮੇਂ ਮੰਤਰੀ ਮੰਡਲ ਨੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੁਆਰਾ ਲਾਗੂ ਕੀਤੀ ਗਈ ਯੋਜਨਾ ਦੇ ਤਹਿਤ ਆਨਲਾਈਨ ਬੈਂਕਿੰਗ ਪ੍ਰਬੰਧਨ ਪ੍ਰਣਾਲੀ ਰਾਹੀਂ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਅਦਾਇਗੀ ਕਰਨ ਦਾ ਫੈਸਲਾ ਵੀ ਕੀਤਾ ਸੀ।

Image

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਯੋਜਨਾ ਅਨੁਸੂਚਿਤ ਜਾਤੀ, ਈਸਾਈ ਭਾਈਚਾਰੇ, ਪੱਛੜੀਆਂ ਸ਼੍ਰੇਣੀਆਂ/ਜਾਤੀਆਂ, ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਅਤੇ ਕਿਸੇ ਵੀ ਜਾਤੀ ਨਾਲ ਸਬੰਧਤ ਵਿਧਵਾ ਮਹਿਲਾਵਾਂ ਦੀਆਂ ਧੀਆਂ ਦੇ ਨਾਲ-ਨਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮੁਸਲਮਾਨ ਲੜਕੀਆਂ ਉੱਤੇ ਵੀ ਲਾਗੂ ਹੈ। ਅਨੁਸੂਚਿਤ ਜਾਤੀ ਨਾਲ ਸਬੰਧਤ ਵਿਧਵਾਵਾਂ /ਤਲਾਕਸ਼ੁਦਾ ਔਰਤ ਵੀ ਦੁਬਾਰਾ ਵਿਆਹ ਦੇ ਸਮੇਂ ਇਸ ਯੋਜਨਾ ਅਧੀਨ ਲਾਭ ਲੈਣ ਦੀਆਂ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮੁਸਲਿਮ ਲੜਕੀਆਂ 2006 ਵਿੱਚ ਵੀ ਸੂਚੀ ਵਿੱਚ ਸਨ ਅਤੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜੇ ਅਣਜਾਣੇ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਕਰਨਾ ਰਹਿ ਗਿਆ ਹੋਵੇ ਤਾਂ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਬੁਲਾਰੇ ਨੇ ਕਿਹਾ ਕਿ ਇਸ ਰਾਸ਼ੀ ਵਿੱਚ ਤਾਜ਼ਾ ਵਾਧੇ ਨਾਲ 60,000 ਲਾਭਪਾਤਰੀਆਂ ਨੂੰ ਫਾਇਦਾ ਹੋਏਗਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ‘ਤੇ 180 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਲਾਭ ਪ੍ਰਾਪਤ ਕਰਨ ਲਈ, ਸਾਰੇ ਸਰੋਤਾਂ ਤੋਂ ਪਰਿਵਾਰ ਦੀ ਸਾਲਾਨਾ ਆਮਦਨ 32790 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਲੜਕੀ ਦੇ ਮਾਤਾ-ਪਿਤਾ/ਦੇਖ-ਰੇਖ ਕਰਨ ਵਾਲੇ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਇਸ ਯੋਜਨਾ ਤਹਿਤ ਵਿੱਤੀ ਸਹਾਇਤਾ ਇੱਕ ਪਰਿਵਾਰ ਦੀਆਂ ਸਿਰਫ਼ ਦੋ ਲੜਕੀਆਂ ਤੱਕ ਸੀਮਤ ਹੈ।

ਬਿਨੈਕਾਰ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਵਿਆਹ ਦੀ ਤਰੀਕ ਤੋਂ ਪਹਿਲਾਂ ਜਾਂ ਲੜਕੀ ਦੇ ਵਿਆਹ ਦੇ 30 ਦਿਨਾਂ ਬਾਅਦ ਨਿਰਧਾਰਤ ਪ੍ਰੋਫਾਰਮੇ ਵਿਚ ਬਿਨੈ-ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments