ਬਿਓਰੋ। ਪੰਜਾਬ ‘ਚ ਵੱਧਦੇ ਕੋਰੋਨਾ ਕੇਸਾਂ ਨੂੰ ਲੈ ਕੇ ਸਿਰਫ਼ ਕੇਂਦਰ ਸਰਕਾਰ ਹੀ ਨਹੀਂ, ਬਲਕਿ ਸੂਬੇ ‘ਚ ਕਾਂਗਰਸ ਦੇ ਵਿਰੋਧੀ ਖਾਸਕਰ ਅਕਾਲੀ ਆਗੂ ਵੀ ਕੈਪਟਨ ਸਰਕਾਰ ‘ਤੇ ਹਮਲਾਵਰ ਹਨ। ਬੀਤੇ ਦਿਨੀਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਵੀ ਸੂਬਾ ਸਰਕਾਰ ‘ਤੇ ਮਹਾਂਮਾਰੀ ਨਾਲ ਨਜਿੱਠਣ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਦਾ ਇਲਜ਼ਾਮ ਲਾਇਆ ਸੀ। ਹਰਸਿਮਰਤ ਦੇ ਇਲਜ਼ਾਮਾਂ ‘ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਬਾਦਲ ਸੂਬੇ ‘ਚ ਕੋਰੋਨਾ ਸੰਕਟ ਨੂੰ ਸਿਆਸੀ ਰੰਗਤ ਦੇਣ ਲਈ ਘਟੀਆ ਕੋਸ਼ਿਸ਼ਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਸੰਜੀਦਾ ਮੁੱਦਿਆਂ ‘ਤੇ ਵੀ ਹਰਸਿਮਰਤ ਦੀ ਝੂਠ ਬੋਲਣ ਦੀ ਆਦਤ ਸ਼ਰਮਨਾਕ ਹੈ, ਜਦਕਿ ਹੈਲਥਕੇਅਰ ਵਰਕਰਾਂ ਦੀਆਂ ਕੋਸ਼ਿਸ਼ਾਂ ਸਦਕਾ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਹਰਸਿਮਰਤ ਪੈਦਾਇਸ਼ੀ ਝੂਠੇ- ਕੈਪਟਨ
ਕੈਪਟਨ ਨੇ ਕਿਹਾ, “ਸਾਰੇ ਪੰਜਾਬੀ ਜਾਣਦੇ ਹਨ ਕਿ ਹਰਸਿਮਰਤ ਪੈਦਾਇਸ਼ੀ ਝੂਠੇ ਹਨ, ਤੇ ਹੁਣ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਬਿਆਨ ਉਹਨਾਂ ਨੂੰ ਹੋਰ ਹੇਠਲੇ ਪੱਧਰ ਤੱਕ ਲਿਜਾ ਰਹੇ ਹਨ।” ਉਹਨਾਂ ਸਵਾਲ ਕੀਤਾ, “ਕੀ ਉਹਨਾਂ ਨੂੰ ਅਹਿਸਾਸ ਨਹੀਂ ਕਿ ਇਸ ਤਰ੍ਹਾਂ ਦੇ ਬਿਆਨ ਫਰੰਟਲਾਈਨ ਵਰਕਰਾਂ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਦੇ ਮਨੋਬਲ ਨੂੰ ਕਿਵੇਂ ਸੱਟ ਮਾਰ ਰਹੇ ਹਨ? ਜਾਂ ਉਹਨਾਂ(ਹਰਸਿਮਰਤ) ਨੂੰ ਇਸਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਉਹਨਾਂ ਦਾ ਸਾਰਾ ਧਿਆਨ ਮੇਰੀ ਸਰਕਾਰ ਨੂੰ ਨੀਵਾਂ ਵਿਖਾਉਣ ਲਈ ਬਹਾਨੇ ਲੱਭਣਾ ਹੈ।’’”
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਕਿਸੇ ਵੀ ਸੂਬੇ ਜਾਂ ਮੁਲਕ ਨੂੰ ਨਹੀਂ ਬਖਸ਼ਿਆ ਅਤੇ ਸਾਡੇ ਸੂਬੇ ਦਾ ਮੈਡੀਕਲ ਭਾਈਚਾਰਾ ਇਸ ਵਿਰੁੱਧ ਲੜਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਸੀਐੱਮ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਦਿਨਾਂ ਅੰਦਰ ਪੰਜਾਬ ਦੇ ਹਾਲਾਤ ਸੁਧਰੇ ਹਨ।
ਅਲੋਚਨਾ ਨਹੀਂ, ਸ਼ਲਾਘਾ ਦਾ ਸਮਾਂ- ਕੈਪਟਨ
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕੋਵਿਡ ਖਿਲਾਫ ਲੜਾਈ ਵਿਚ ਪੰਜਾਬ ਅਜੇ ਵੀ ਜਿੱਤ ਤੋਂ ਦੂਰ ਹੈ ਪਰ ਇਹ ਸਮਾਂ ਚੜਦੀ ਕਲਾ ਵਿਚ ਰਹਿਣ ਅਤੇ ਸਾਰੇ ਫਰੰਟਲਾਈਨ ਵਰਕਰਾਂ ਦੀ ਸ਼ਲਾਘਾ ਕਰਨ ਦਾ ਹੈ ਜੋ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਸਖਤ ਮਿਹਨਤ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ‘‘ਇਨਾਂ ਫਰੰਟਲਾਈਨ ਵਰਕਰਾਂ ਦੀ ਸਖਤ ਮਿਹਨਤ, ਸਮਰਪਣ ਭਾਵਨਾ ਅਤੇ ਕੁਰਬਾਨੀ ਦੀ ਦਾਦ ਦੇਣ ਦੀ ਬਜਾਏ ਹਰਸਿਮਰਤ ਬਾਦਲ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਮਹਾਂਮਾਰੀ ਤੋਂ ਸਿਆਸੀ ਸ਼ੋਹਰਤ ਕਿਵੇਂ ਖੱਟੀ ਜਾਵੇ ਜਦਕਿ ਉਨਾਂ ਦਾ ਆਪਣਾ ਸੂਬਾ ਅਤੇ ਲੋਕ ਇਸ ਮਹਾਂਮਾਰੀ ਦਾ ਸੰਤਾਪ ਝੱਲ ਰਹੇ ਹਨ।’’
‘ਵੈਕਸੀਨੇਸ਼ਨ ਦੀ ਧੀਮੀ ਰਫ਼ਤਾਰ ਲਈ ਹਰਸਿਮਰਤ ਜ਼ਿੰਮੇਵਾਰ’
ਕੈਪਟਨ ਨੇ ਇਸ ਦੌਰਾਨ ਹਰਸਿਮਰਤ ਬਾਦਲ ਨੂੰ ਖੇਤੀ ਕਾਨੂੰਨਾਂ ‘ਤੇ ਵੀ ਘੇਰਿਆ। ਉਹਨਾਂ ਕਿਹਾ, “ਜੇਕਰ ਤੁਸੀਂ(ਤਤਕਾਲੀ ਕੇਂਦਰੀ ਮੰਤਰੀ) ਉਸ ਵੇਲੇ ਕਾਨੂੰਨਾਂ ਦਾ ਪੱਖ ਨਾ ਪੂਰਦੇ, ਤਾਂ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਦੇ। ਕੇਂਦਰ ਖਿਲਾਫ਼ ਗੁੱਸੇ ਕਾਰਨ ਲੋਕ ਟੀਕਾਕਰਨ ਕਰਵਾਉਣ ਤੋਂ ਗੁਰੇਜ਼ ਨਾ ਕਰਦੇ।”
ਹਰਸਿਮਰਤ ਨੇ ਚੁੱਕੇ ਸਨ ਸਵਾਲ
ਦੱਸ ਦਈਏ ਕਿ ਬੀਤੇ ਦਿਨੀਂ ਹਰਸਿਮਰਤ ਬਾਦਲ ਨੇ ਟਵੀਟ ਕਰ ਕੇਂਦਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਹਰਸਿਮਰਤ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸੂਬੇ ‘ਚ ਘੱਟ ਟੈਸਟਿੰਗ, ਵੈਕਸੀਨੇਸ਼ਨ ਦੀ ਧੀਮੀ ਰਫ਼ਤਾਰ, ਵੈਂਟੀਲੇਟਰ ਦੀ ਕਮੀ ਅਤੇ ਹੈਲਥਕੇਅਰ ਵਰਕਰਾਂ ਦੀ ਘਾਟ ਬਾਰੇ ਕੇਂਦਰ ਨੇ ਅਗਾਹ ਕੀਤਾ ਹੈ। ਜਦਕਿ ਪੰਜਾਬ ਤਾਂ ਇੱਕ ਅਜਿਹੇ ਮੁੱਖ ਮੰਤਰੀ ਦੀ ਮਿਹਰਬਾਨੀ ‘ਤੇ ਚੱਲ ਰਿਹਾ ਹੈ, ਜੋ ਆਪਣੇ ਐਸ਼ੋ-ਅਰਾਮ ਵਾਲੇ ਫ਼ਾਰਮ ਹਾਊਸ ਤੋਂ ਮਹਿਜ਼ ਆਰਡਰ ਪਾਸ ਕਰਦੇ ਹਨ। ਜ਼ਮੀਨੀ ਪੱਧਰ ‘ਤੇ ਉਹਨਾਂ ਦੇ ਹੁਕਮਾਂ ਦਾ ਅਸਰ ਤੱਕ ਨਹੀਂ ਨਜ਼ਰ ਆਉਂਦਾ।