ਬਿਓਰੋ। ਦੇਸ਼ ਭਰ ‘ਚ ਕੋਰੋਨਾ ਦੇ ਮਾਮਲਿਆਂ ‘ਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ‘ਚ ਵੀ ਪਿਛਲੇ ਦਿਨੀਂ ਕੋਰੋਨਾ ਕੇਸਾਂ ‘ਚ ਵੱਡਾ ਇਜ਼ਾਫ਼ਾ ਦਰਜ ਕੀਤਾ ਗਿਆ। ਇਸਦੇ ਚਲਦੇ ਸਰਕਾਰ ਵੱਲੋਂ ਪੂਰੇ ਸੂਬੇ ‘ਚ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਪਰ ਨਾਈਟ ਕਰਫ਼ਿਊ ਤੋਂ ਬਾਅਦ ਹਰ ਕਿਸੇ ਦੇ ਜ਼ਹਿਨ ‘ਚ ਸਵਾਲ ਉਠ ਰਿਹਾ ਹੈ ਕਿ ਇਹ ਕਿਤੇ ਲਾਕਡਾਊਨ ਦੇ ਦੌਰ ਦੀ ਸ਼ੁਰੂਆਤ ਤਾਂ ਨਹੀਂ। ਇਸ ਸਵਾਲ ਦਾ ਜਵਾਬ ਖੁਦ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਤਾ ਹੈ।
ABP ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, “ਸੂਬੇ ‘ਚ ਲਾਕਡਾਊਨ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ। ਲਿਹਾਜ਼ਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਹਰਿਆਣਾ ‘ਚ ਕਾਰੋਬਾਰ ਚਲਦੇ ਰਹਿਣਗੇ।” ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਵਿਜ ਨੇ ਕਿਹਾ, “ਕਿਸੇ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਹਰਿਆਣਾ ‘ਚ ਲਾਕਡਾਊਨ ਨਹੀਂ ਲੱਗੇਗਾ। ਹਾਲਾਂਕਿ ਅਗਲੇ ਹੁਕਮਾਂ ਤੱਕ ਨਾਈਟ ਕਰਫ਼ਿਊ ਦੀ ਪਾਲਣਾ ਕਰਨੀ ਪਏਗੀ।”
‘ਮਾਸਕ ਦੇ ਦਮ ‘ਤੇ ਜਿੱਤਾਂਗੇ ਜੰਗ’
ਗ੍ਰਹਿ ਮੰਤਰੀ ਅਨਿਲ ਵਿਜ ਨੇ ਮਾਸਕ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਹਸਪਤਾਲਾਂ ‘ਚ ਡਾਕਟਰ ਤੇ ਨਰਸ ਸਿਰਫ਼ ਮਾਸਕ ਦੇ ਦਮ ‘ਤੇ ਕੋਰੋਨਾ ਨੂੰ ਮਾਤ ਦੇ ਰਹੇ ਹਨ ਅਤੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਸ ਲਈ ਮਾਸਕ ਪਾਉਣਾ ਬੇਹੱਦ ਜ਼ਰੂਰੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ, ਤਾਂ ਜੋ ਕੋਰੇੋਨਾ ਖਿਲਾਫ਼ ਜੰਗ ਨੂੰ ਜਿੱਤਣ ‘ਚ ਜਲਦੀ ਕਾਮਯਾਬ ਹੋ ਸਕੀਏ।