ਬਿਓਰੋ। ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਸਾਬਿਤ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੇ ਅੰਕੜੇ ਬੇਹੱਦ ਡਰਾਉਣ ਵਾਲੇ ਹਨ। ਪਹਿਲੀ ਵਾਰ ਇੱਕ ਦਿਨ ‘ਚ ਕੋਰੋਨਾ ਨਾਲ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 20 ਅਪ੍ਰੈਲ ਨੂੰ ਕੁੱਲ 2,023 ਲੋਕ ਕੋਰੋਨਾ ਦੇ ਚਲਦੇ ਜ਼ਿਂੰਦਗੀ ਦੀ ਜੰਗ ਹਾਰ ਗਏ। ਇਸਦੇ ਨਾਲ ਹੀ ਮਰੀਜ਼ਾਂ ਦੇ ਮਾਮਲਿਆਂ ‘ਚ ਵੀ ਲਗਾਤਾਰ ਨਵੇਂ ਰਿਕਾਰਡ ਬਣ ਰਹੇ ਹਨ। 24 ਘੰਟਿਆਂ ‘ਚ ਪਹਿਲੀ ਵਾਰ 2 ਲੱਖ 95 ਹਜ਼ਾਰ 41 ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਦੇਸ਼ ‘ਚ ਐਕਟਿਵ ਕੇਸਾਂ ਦਾ ਅੰਕੜਾ 21 ਲੱਖ 50 ਹਜ਼ਾਰ 119 ‘ਤੇ ਪਹੁੰਚ ਗਿਆ ਹੈ। ਇਹ ਕੁੱਲ ਸੰਕ੍ਰਮਿਤਾਂ ਦਾ ਕਰੀਬ 14 ਫ਼ੀਸਦ ਹੈ।
8 ਸੂਬਿਆਂ ‘ਚ 75% ਮੌਤਾਂ
ਕੋਰੋਨਾ ਦਾ ਸਭ ਤੋਂ ਵੱਧ ਕਹਿਰ ਮਹਾਂਰਾਸ਼ਟਰ ‘ਚ ਵੇਖਣ ਨੂੰ ਮਿਲ ਰਿਹਾ ਹੈ। 24 ਘੰਟਿਆਂ ‘ਚ ਹੋਈਆਂ 2 ਹਜ਼ਾਰ ਮੌਤਾਂ ‘ਚੋਂ ਕਰੀਬ 500 ਮੌਤਾਂ ਇਕੱਲੇ ਮਹਾਂਰਾਸ਼ਟਰ ‘ਚ ਹੋਈਆ ਹਨ। ਇਸ ਤੋਂ ਇਲਾਵਾ ਦਿੱਲੀ ‘ਚ 277, ਛੱਤੀਸਗੜ੍ਹ ‘ਚ 191, ਯੂਪੀ ‘ਚ 162, ਗੁਜਰਾਤ ‘ਚ 121, ਕਰਨਾਟਕ ‘ਚ 149, ਮੱਧ ਪ੍ਰਦੇਸ਼ ‘ਚ 77 ਅਤੇ ਪੰਜਾਬ ‘ਚ 61 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ।