ਨਵੀਂ ਦਿੱਲੀ। ਕੋਰੋਨਾ ਦੀ ਟੈਸਟਿੰਗ ਨੂੰ ਲੈ ਕੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਨੇ ਬੁੱਧਵਾਰ ਨੂੰ ਇੱਕ ਵੱਡਾ ਫ਼ੈਸਲਾ ਲਿਆ ਹੈ। ICMR ਵੱਲੋਂ ਰੈਪਿਡ ਐਂਟੀਜਨ ਟੈਸਟ ਕਿਟ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸਦੇ ਜ਼ਰੀਏ ਹੁਣ ਕੋਈ ਵੀ ਘਰ ਬੈਠੇ ਹੀ ਕੋਰੋਨਾ ਦੀ ਜਾਂਚ ਕਰ ਸਕੇਗਾ। ਇਸ ਕਿਟ ਜ਼ਰੀਏ ਲੋਕ ਆਪਣੇ ਨੱਕ ਤੋਂ ਸੈਂਪਲ ਲੈ ਕੇ ਖੁਦ ਹੀ ਟੈਸਟ ਕਰ ਸਕਣਗੇ। ICMR ਵੱਲੋਂ ਇਸਦੇ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।
ਕਿਟ ਦਾ ਨਾੰਅ ਹੋਵੇਗਾ COVISELF
ICMR ਵੱਲੋਂ ਪੂਣੇ ਦੀ ਕੰਪਨੀ My lab Discovery Solution limited ਨੂੰ ਇਸ ਕਿੱਟ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਟੈਸਟਿੰਗ ਕਿੱਟ ਨੂੰ COVISELF ਦਾ ਨਾੰਅ ਦਿੱਤਾ ਗਿਆ ਹੈ।
ਮੋਬਾਈਲ ‘ਚ ਡਾਊਨਲੋਡ ਕਰਨੀ ਪਏਗੀ ਐਪ
ਘਰ ‘ਚ ਹੀ ਕੋਰੋਨਾ ਦੀ ਜਾਂਚ ਕਰਨ ਲਈ ਗੂਗਲ ਪਲੇਅ ਸਟੋਰ ਜਾਂ ਐਪਲ ਸਟੋਰ ਤੋਂ ਐਪ ‘ਮਾਈਲੈਬ ਕੋਵੀਸੈਲਫ’ ਡਾਊਨਲੋਡ ਕਰਨੀ ਪਏਗੀ। ਇਸ ਐਪ ਦੇ ਜ਼ਰੀਏ ਪਾਜ਼ੀਟਿਵ ਜਾਂ ਨੈਗੇਟਿਵ ਰਿਪੋਰਟ ਬਾਰੇ ਪਤਾ ਲੱਗ ਸਕੇਗਾ।
ਹਰ ਕੋਈ ਨਹੀਂ ਕਰ ਸਕੇਗਾ ਕਿਟ ਦਾ ਇਸਤੇਮਾਲ
ICMR ਵੱਲੋ ਜਾਰੀ ਬਿਆਨ ਮੁਤਾਬਕ, ਇਹ ਹੋਮ ਟੈਸਟਿੰਗ ਕਿਟ ਸਿਰਫ਼ ਸਿਮਪਟੋਮੈਟਿਕ ਮਰੀਜ਼ਾਂ ਦੇ ਲਈ ਹੀ ਹੋਵੇਗੀ। ਜਾਂ ਅਜਿਹੇ ਲੋਕ, ਜੋ ਲੈਬ ‘ਚ ਪਾਜ਼ੀਟਿਵ ਪਾਏ ਗਏ ਕੇਸ ਦੇ ਸਿੱਧੇ ਸੰਪਰਕ ‘ਚ ਆਏ ਹੋਣ। ਇਸ ਤੋਂ ਇਲਾਵਾ ਫਿਲਹਾਲ ਕਿਸੇ ਨੂੰ ਵੀ ਇਸ ਕਿਟ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਘਰ ਬੈਠੇ ਹੀ ਖੁਦ ਦਾ ਕੋਰੋਨਾ ਟੈਸਟ ਕਰਨਾ ਓਨਾ ਹੀ ਅਸਾਨ ਹੈ, ਜਿੰਨਾ ਕਿਸੇ ਹੋਰ ਟੈਸਟ ਕਿਟ ਨਾਲ ਕੀਤਾ ਜਾਣ ਵਾਲਾ ਕੋਈ ਹੋਰ ਟੈਸਟ। ਇਸ ਟੈਸਟ ਨੂੰ ਕਰਨ ਵੇਲੇ ਕੀ-ਕੀ ਸਾਵਧਾਨੀ ਬਰਤਨੀ ਹੋਵੇਗੀ। ਕਿਸ ਤਰ੍ਹਾਂ ਦੀ ਹੋਵੇਗੀ ਪੂਰੀ ਪ੍ਰਕਿਰਿਆ, ਇਸ ਵੀਡੀਓ ‘ਚ ਵੇਖੋ।
ਰਿਜ਼ਲਟ ਤੋਂ ਬਾਅਦ ਇਹ ਹੋਵੇਗੀ ਪ੍ਰਕਿਰਿਆ
ਅਹਿਮ ਗੱਲ ਹੈ ਕਿ ਜੇਕਰ ਇਸ ਟੈਸਟ ‘ਚ ਤੁਹਾਡੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ, ਤਾਂ ਤੁਹਾਨੂੰ ਪਾਜ਼ੀਟਿਵ ਮੰਨ ਲਿਆ ਜਾਵੇਗਾ ਅਤੇ ਕਿਸੇ ਹੋਰ ਟੈਸਟ ਦੀ ਲੋੜ ਨਹੀਂ ਹੋਵੇਗੀ। ਪਰ ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ, ਤਾਂ RT-PCR ਟੈਸਟ ਕਰਵਾਇਆ ਜਾਵੇਗਾ। ਅਜਿਹੇ ਲੋਕਾਂ ਨੂੰ RT-PCR ਦੀ ਰਿਪੋਰਟ ਆਉਣ ਤੱਕ ਹੋਮ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ।
ICMR ਵਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਪੂਰੀ ਪ੍ਰਕਿਰਿਆ ‘ਚ ਮਰੀਜ਼ ਦੀ ਗੁਪਤਤਾ ਬਰਕਰਾਰ ਰਹੇਗੀ।