ਚੰਡੀਗੜ੍ਹ। ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਤਬੀਅਤ ਇੱਕ ਵਾਰ ਫਿਰ ਵਿਗੜ ਗਈ ਹੈ। ਚੰਡੀਗੜ੍ਹ PGI ‘ਚ ਕੋਰੋਨਾ ਦਾ ਇਲਾਜ ਕਰਵਾ ਰਹੇ 91 ਸਾਲਾ ਮਿਲਖਾ ਸਿੰਘ ਦਾ ਆਕਸੀਜ਼ਨ ਲੈਵਲ ਘੱਟ ਹੋ ਗਿਆ ਹੈ, ਪਰ ਉਹ ਇਸ ਜੰਗ ਨੂੰ ਪੂਰੀ ਜੀ-ਜਾਨ ਨਾਲ ਲੜ ਰਹੇ ਹਨ। ਪਰਿਵਾਰ ਅਤੇ ਮਿਲਖਾ ਸਿੰਘ ਦੇ ਚਾਹੁਣ ਵਾਲੇ ਲਗਾਤਾਰ ਉਹਨਾਂ ਦੀ ਸਲਾਮਤੀ ਲਈ ਦੁਆ ਮੰਗ ਰਹੇ ਹਨ।
ਪਿਛਲੇ ਮਹੀਨੇ ਹੋਇਆ ਸੀ ਕੋਰੋਨਾ
ਦੱਸ ਦਈਏ ਕਿ ਮਿਲਖਾ ਸਿੰਘ ਪਿਛਲੇ ਮਹੀਨੇ ਹੀ ਕੋਰੋਨਾ ਸੰਕ੍ਰਮਿਤ ਹੋਏ ਸਨ, ਜਿਸ ਤੋਂ ਬਾਅਦ ਪਹਿਲਾਂ ਤਾਂ 4 ਦਿਨ ਉਹ ਆਪਣੇ ਘਰ ‘ਚ ਹੀ ਆਈਸੋਲੇਟ ਰਹੇ। ਇਸ ਉਪਰੰਤ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ। ਮਿਲਖਾ ਸਿੰਘ ਫੌਰਟਿਸ ਤੋਂ 5 ਦਿਨ ਬਾਅਦ ਛੁੱਟੀ ਲੈ ਕੇ ਘਰ ਵੀ ਚਲੇ ਗਏ, ਕਿ ਇੱਕ ਦਿਨ ਅਚਾਨਕ ਆਕਸੀਜ਼ਨ ਲੈਵਲ ਡਿੱਗਣ ਦੇ ਚਲਦੇ ਉਹਨਾਂ ਨੂੰ PGI ਭਰਤੀ ਕਰਵਾਇਆ ਗਿਆ। PGI ‘ਚ ਉਹ ਲਗਾਤਾਰ ICU ‘ਚ ਆਕਸੀਜ਼ਨ ਸੁਪੋਰਟ ‘ਤੇ ਹਨ।
ਐਤਵਾਰ ਨੂੰ ਹੋਇਆ ਸੀ ਪਤਨੀ ਦਾ ਦੇਹਾਂਤ
ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕੋਰੋਨਾ ਦੀ ਚਪੇਟ ‘ਚ ਸਨ, ਜਿਸਦੇ ਚਲਦੇ ਉਹਨਾਂ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਨਿਰਮਲ ਮਿਲਖਾ ਸਿੰਘ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਚੱਲ ਰਿਹਾ ਸੀ। ਮਿਲਖਾ ਸਿੰਘ ਕੋਰੋਨਾ ਪਾਜ਼ੀਟਿਵ ਹੋਣ ਅਤੇ ਹਸਪਤਾਲ ‘ਚ ਭਰਤੀ ਹੋਣ ਦੇ ਚਲਦੇ ਪਤਨੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਨਹੀਂ ਹੋ ਸਕੇ ਸਨ।