ਨਵੀਂ ਦਿੱਲੀ। ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਜਾਰੀ ਮੀਟਿੰਗਾਂ ਦੇ ਦੌਰ ਵਿਚਾਲੇ ਸ਼ੁੱਕਰਵਾਰ ਨੂੰ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾੰਧੀ ਵੱਲੋਂ ਬਣਾਈ ਗਈ 3-ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ 3 ਘੰਟੇ ਚੱਲੀ। ਹਾਲਾਂਕਿ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਹ ਬੈਠਕ ਚੋਣਾਂ ਨੂੰ ਲੈ ਕੇ ਸੱਦੀ ਗਈ ਸੀ।
ਮੁੱਖ ਮੰਤਰੀ ਨੇ ਕਿਹਾ, “ਪੰਜਾਬ ‘ਚ ਚੋਣਾਂ ਨੂੰ ਮਹਿਜ਼ 6 ਮਹੀਨਿਆਂ ਦਾ ਸਮਾਂ ਬਾਕੀ ਹੈ। ਜ਼ਾਹਿਰ ਤੌਰ ‘ਤੇ ਕਈ ਮੁੱਦਿਆਂ ਉੱਪਰ ਗੱਲ ਹੁੰਦੀ ਹੈ। ਇਹੀ ਗੱਲਬਾਤ ਕੀਤੀ ਗਈ ਹੈ। ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਪਾਰਟੀ ਦੀ ਅੰਦਰੂਨੀ ਬੈਠਕ ਹੈ, ਜਿਸ ਬਾਰੇ ਹਰ ਜਾਣਕਾਰੀ ਤੁਹਾਨੂੰ ਨਹੀਂ ਜੇ ਸਕਦਾ।”
ਦਿਲਚਸਪ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੇ ਬਿਨ੍ਹਾਂ ਹੀ ਚੰਡੀਗੜ੍ਹ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਸੀਐੱਮ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ।
ਸੋਮਵਾਰ ਤੋਂ ਜਾਰੀ ਮੀਟਿੰਗਾਂ ਦਾ ਦੌਰ
ਦੱਸਣਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ. ਅੱਗਰਵਾਲ ਦੀ ਇਹ ਤਿੰਨ ਮੈਂਬਰੀ ਕਮੇਟੀ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗਾਂ ਕਰ ਰਹੀ ਹੈ। ਪਿਛਲੇ 4 ਦਿਨਾਂ ਦੌਰਾਨ ਕਮੇਟੀ ਨੇ ਸੂਬੇ ਦੇ 100 ਤੋਂ ਵੀ ਵੱਧ ਆਗੂਆਂ ਨਾਲ ਮੁਲਾਕਾਤ ਕੀਤੀ ਹੈ, ਜਿਹਨਾਂ ‘ਚ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸੀਐੱਮ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਸਾਰੇ ਕੈਬਨਿਟ ਮੰਤਰੀ, ਨਰਾਜ਼ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖ ਚੁੱਕੇ ਹਨ।
ਇਸ ਫਾਰਮੂਲੇ ‘ਤੇ ਵਿਚਾਰ ਕਰ ਰਿਹਾ ਹਾਈਕਮਾਨ
ਸੂਤਰਾਂ ਦੀ ਮੰਨੀਏ, ਤਾਂ ਕਮੇਟੀ ਵੱਲੋਂ ਹਾਈਕਮਾਨ ਨੂੰ ਸੌੰਪੀ ਜਾਣ ਵਾਲੀ ਆਪਣੀ ਰਿਪੋਰਟ ‘ਚ ਤਿੰਨ ਸਿਫਾਰਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਇਸ ਫਾਰਮੂਲੇ ਤਹਿਤ ਕੈਪਟਨ ਦੀ ਕੁਰਸੀ ਤਾਂ ਸੁਰੱਖਿਅਤ ਰਹੇਗੀ, ਪਰ ਉਹਨਾਂ ਦੇ ਥੱਲੇ 2 ਡਿਪਟੀ ਸੀਐੱਮ ਲਾਏ ਜਾ ਸਕਦੇ ਹਨ, ਜਿਹਨਾਂ ‘ਚੋਂ ਇੱਕ ਦਲਿਤ ਸਮਾਜ ਤੋਂ ਹੋਵੋਗਾ। ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਬਦਲੇ ਜਾਣ ਦੀ ਵੀ ਪੇਸ਼ਕਸ਼ ਰੱਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੂੰ ਅਗਾਮੀ ਚੋਣਾਂ ‘ਚ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾਏ ਜਾਣ ਦੀ ਵੀ ਸਿਫਾਰਿਸ਼ ਕਰਨ ਦੀ ਤਿਆਰੀ ਹੋ ਰਹੀ ਹੈ।
ਕੈਪਟਨ ਨੂੰ ਨਰਾਜ਼ ਕਰਨਾ ਹੋਵੇਗਾ ਮਹਿੰਗਾ !
ਹਾਲਾਂਕਿ ਕਮੇਟੀ ਇਹਨਾਂ ਤਿੰਨ ਸਿਫਾਰਿਸ਼ਾਂ ‘ਤੇ ਵਿਚਾਰ ਕਰ ਰਹੀ ਹੈ, ਪਰ ਮੁੱਖ ਮੰਤਰੀ ਵੱਲੋਂ ਹੁਣ ਤੱਕ ਮੀਡੀਆ ‘ਚ ਦਿੱਤੇ ਬਿਆਨਾਂ ਨੂੰ ਵੇਖੀਏ ਤਾਂ ਲਗਦਾ ਨਹੀਂ ਕਿ ਕੈਪਟਨ ਇਹਨਾਂ ‘ਚੋਂ ਕਿਸੇ ‘ਤੇ ਵੀ ਰਾਜ਼ੀ ਹੋਣਗੇ। ਜੇਕਰ ਪਾਰਟੀ ਅਜਿਹਾ ਕੋਈ ਕਦਮ ਚੁੱਕਦੀ ਹੈ, ਤਾਂ ਕੈਪਟਨ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਕੁਝ ਹੀ ਮਹੀਨੇ ਪਹਿਲਾਂ ਕੈਪਟਨ ਨੂੰ ਨਰਾਜ਼ ਕਰਨਾ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ। ਇਸਦੇ 2 ਪ੍ਰਮੁੱਖ ਕਾਰਨ ਹਨ। ਪਹਿਲਾ ਇਹ ਕਿ ਫਿਲਹਾਲ ਪੰਜਾਬ ‘ਚ ਕੈਪਟਨ ਹੀ ਪਾਰਟੀ ਦਾ ਪ੍ਰਮੁੱਖ ਚਿਹਰਾ ਹਨ। ਉਹਨਾਂ ਤੋਂ ਵੱਡਾ ਸਿਆਸੀ ਕੱਦ ਫਿਲਹਾਲ ਕਿਸੇ ਦਾ ਨਜ਼ਰ ਨਹੀਂ ਆਉਂਦਾ। ਦੂਜਾ ਇਹ ਕਿ 2017 ‘ਚ ਕੈਪਟਨ ਦੇ ਚਿਹਰੇ ‘ਤੇ ਹੀ ਕਾਂਗਰਸ ਨੇ ਸੱਤਾ ‘ਚ ਵਾਪਸੀ ਕੀਤੀ ਸੀ। ਸਿਆਸੀ ਮਾਹਰ ਮੰਨਦੇ ਹਨ ਕਿ ਜੇਕਰ ਕੈਪਟਨ ਤੋਂ ਬਿਨ੍ਹਾਂ ਕਿਸੇ ਹੋਰ ਚਿਹਰੇ ਦੀ ਅਗਵਾਈ ‘ਚ ਚੋਣ ਲੜੀ ਜਾਂਦੀ, ਤਾਂ ਪਾਰਟੀ ਇੰਨੀ ਵੱਡੀ ਜਿੱਤ ਹਾਸਲ ਨਾ ਕਰ ਪਾਉਂਦੀ।
ਨਵਜੋਤ ਸਿੱਧੂ ਦਾ ਕੀ ਹੋਵੇਗਾ ?
ਇਸ ਸਭ ਦੇ ਵਿਚਾਲੇ ਸਵਾਲ ਉਠਦਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਦਾ ਕੀ ਹੋਵੇਗਾ। ਹਾਲਾਂਕਿ ਸਿੱਧੂ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਬੁਲੰਦ ਅਵਾਜ਼ ‘ਚ ਕਹਿੰਦੇ ਨਜ਼ਰ ਆਏ ਸਨ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਨੂੰ ਜਿੱਤਣ ਨਹੀਂ ਦੇਣਗੇ ਤੇ ਉਹਨਾਂ ਦੀ ਨਜ਼ਰ ‘ਚ ਪੰਜਾਬ ਵਿਰੋਧੀ ਤਾਕਤਾਂ ਕਿਹੜੀਆਂ ਹਨ ਇਹ ਅਸੀਂ ਸਾਰੇ ਜਾਣਦੇ ਹਾਂ। ਲਿਹਾਜ਼ਾ ਪਾਰਟੀ ਲਈ ਇੱਕੋ ਸਮੇਂ ਕੈਪਟਨ ਅਤੇ ਸਿੱਧੂ ਦੋਵਾਂ ਨੂੰ ਖੁਸ਼ ਕਰਨਾ ਅਸਾਨ ਨਹੀਂ ਹੋਵੇਗਾ। ਹਾਲਾਂਕਿ ਸਿੱਧੂ ਖੁਦ ਵਾਰ-ਵਾਰ ਇਹ ਕਹਿੰਦੇ ਨਜ਼ਰ ਆਏ ਹਨ ਕਿ ਉਹਨਾਂ ਨੂੰ ਕੋਈ ਅਹੁਦਾ ਨਹੀਂ ਚਾਹੀਦਾ, ਸਿਰਫ਼ ਪੰਜਾਬ ਦੇ ਲੋਕਾਂ ਲਈ ਇਨਸਾਫ਼ ਚਾਹੀਦਾ ਹੈ। ਲਿਹਾਜ਼ਾ ਹੁਣ ਨਜ਼ਰਾਂ ਇਸ ‘ਤੇ ਰਹਿਣਗੀਆਂ ਕਿ ਸਿੱਧੂ ਨੂੰ ਕਾਂਗਰਸ ਹਾਈਕਮਾਨ ਵੱਲੋਂ ਕਿਥੇ ਅਤੇ ਕਿਵੇਂ ਐਡਜਸਟ ਕੀਤਾ ਜਾਂਦਾ ਹੈ।
ਮੈਰਾਥਨ ਮੰਥਨ ਨਾਲ ਖਤਮ ਹੋਵੇਗਾ ਵਿਵਾਦ ?
ਇਸ ਵੇਲੇ ਕਾਂਗਰਸ ਪਾਰਟੀ ਦੇ ਕਈ ਵਿਧਾਇਕ ਸੀਐੱਮ ਅਮਰਿੰਦਰ ਸਿੰਘ ਦੇ ਕੰਮਕਾਜ ‘ਤੇ ਸਵਾਲ ਚੁੱਕ ਰਹੇ ਹਨ। ਬੇਅਦਬੀਆਂ ਅਤੇ ਗੋਲੀ ਕਾਂਡ ਦੇ ਨਾਲ-ਨਾਲ ਡਰੱਗਜ਼ ਅਤੇ ਰੇਤ ਮਾਫੀਆ ‘ਤੇ ਵੀ ਕਾਰਵਾਈ ਦੀ ਮੰਗ ਕਰਦਿਆਂ ਵਿਧਾਇਕਾਂ ਤੇ 2 ਮੰਤਰੀਆਂ ਨੇ ਸੀਐੱਮ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਲਿਹਾਜ਼ਾ ਹੁਣ ਵੇਖਣਾ ਹੋਵੇਗਾ ਕਿ ਇਸ ਮੈਰਾਥਨ ਮੰਥਨ ਤੋਂ ਬਾਅਦ ਕਾਂਗਰਸ ਦਾ ਇਹ ਅੰਦਰੂਨੀ ਰੱਫੜ ਖਤਮ ਹੋਵੇਗਾ ਜਾਂ ਫਿਰ ਗੱਲ ਉਥੇ ਹੀ ਖੜ੍ਹੀ ਰਹੇਗੀ।