ਹੈਦਰਾਬਾਦ। ਤੇਲੰਗਾਨਾ ਦੇ ਰਾਜਨਾ ਸਿਰਚਿੱਲਾ ਜ਼ਿਲ੍ਹੇ ‘ਚ ਕੋਰੋਨਾ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਕ ਮਹਿਲਾ ਨੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜ਼ਬਰਦਸਤੀ ਆਪਣੀ ਨੂੰਹ ਨੂੰ ਗਲੇ ਲਗਾ ਲਿਆ ਅਤੇ ਉਸ ਨੂੰ ਵੀ ਸੰਕ੍ਰਮਿਤ ਕਰ ਦਿੱਤਾ। ਇਸ ਤੋਂ ਬਾਅਦ ਨੂੰਹ ਤੋਂ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਉਸਦੀ ਭੈਣ ਉਸ ਨੂੰ ਆਪਣੇ ਨਾਲ ਲੈ ਗਈ।
ਇਕੱਲੇ ਰਹਿਣ ਤੋਂ ਨਰਾਜ਼ ਸੀ ਸੱਸ
ਸੱਸ ਦੇ ਗਲੇ ਲੱਗ ਕੇ ਸੰਕ੍ਰਮਿਤ ਹੋਈ 20 ਸਾਲਾ ਮਹਿਲਾ ਮੁਤਾਬਕ, “ਸੱਸ ਨੂੰ ਕੋਰੋਨਾ ਹੋਣ ਤੋਂ ਬਾਅਦ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਇੱਕ ਨਿਸ਼ਚਿਤ ਥਾਂ ‘ਤੇ ਖਾਣਾ ਦਿੱਤਾ ਜਾਂਦਾ ਸੀ। ਉਹਨਾਂ ਦੇ ਪੋਤਾ-ਪੋਤੀ ਨੂੰ ਵੀ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਵੀ ਉਹਨਾਂ ਤੋਂ ਲਗਾਤਾਰ ਦੂਰੀ ਬਣਾ ਰਹੀ ਸੀ। ਅਜਿਹੇ ‘ਚ ਮੇਰੀ ਸੱਸ ਬਹੁਤ ਨਰਾਜ਼ ਹੋ ਗਈ ਸੀ।”
ਪੀੜਤਾ ਨੇ ਅਧਿਕਾਰੀਆਂ ਨੂੰ ਕਿਹਾ, “ਮੇਰੀ ਸੱਸ ਨੇ ਮੈਨੂੰ ਇਹ ਕਹਿੰਦੇ ਹੋਏ ਜ਼ਬਰਦਸਤੀ ਗਲੇ ਲਗਾ ਲਿਆ ਕਿ ਤੈਨੂੰ ਵੀ ਕੋਰੋਨਾ ਇਨਫੈਕਸ਼ਨ ਹੋਣਾ ਚਾਹੀਦਾ ਹੈ। ਕੀ ਤੁਸੀਂ ਲੋਕ ਇਹੀ ਚਾਹੁੰਦੇ ਹੋ ਕਿ ਮੈਂ ਮਰ ਜਾਵਾਂ ਅਤੇ ਤੁਸੀਂ ਹਮੇਸ਼ਾ ਖੁਸ਼ੀ ਨਾਲ ਰਹੋ।”
ਹੁਣ ਮਹਿਲਾ ਵੀ ਆਈਸੋਲੇਸ਼ਨ ‘ਚ
ਸੱਸ ਕਾਰਨ ਸੰਕ੍ਰਮਿਤ ਹੋਈ ਮਹਿਲਾ ਦਾ ਉਸਦੀ ਭੈਣ ਦੇ ਘਰ ‘ਚ ਇਲਾਜ ਚੱਲ ਰਿਹਾ ਹੈ। ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਇਸ ਮਹਿਲਾ ਦਾ ਪਤੀ ਟ੍ਰੈਕਟਰ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਪਿਛਲੇ 7 ਮਹੀਨਿਆਂ ਤੋਂ ਉੜੀਸਾ ‘ਚ ਹੈ। ਅਧਿਕਾਰੀਆਂ ਮੁਤਾਬਕ, ਪੀੜਤਾ ਦੀ ਸੱਸ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਪਰਿਵਾਰ ਦੇ ਬਦਲੇ ਹੋਏ ਵਿਵਹਾਰ ਤੋਂ ਹੈਰਾਨ ਅਤੇ ਨਰਾਜ਼ ਸੀ।