ਕੋਰੋਨਾ ਦੇ ਹਾਲਾਤ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੰਥਨ ਕੀਤਾ ਗਿਆ। ਇਸ ਦੌਰਾਨ CM ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਟੀਕਾਕਰਣ ਦੀ ਰਣਨੀਤੀ ਰਿਵਿਊ ਕਰਨ ਦੀ ਅਪੀਲ ਕੀਤੀ। ਸੀਐੱਮ ਮੁਤਾਬਕ ਕੁਝ ਚੁਨਿੰਦਾ ਇਲਾਕਿਆਂ ‘ਚ ਹਰ ਉਮਰ ਵਰਗ ਦੇ ਲੋਕਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ।
ਸੀਐੱਮ ਕੈਪਟਨ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਜੱਜਾਂ ਦੇ ਜਲਦ ਟੀਕਾਕਰਣ ਦੀ ਵੀ ਅਪੀਲ ਕੀਤੀ ਹੈ, ਤਾਂ ਜੋ ਜ਼ਿੰਦਗੀ ਪਹਿਲਾਂ ਵਾਂਗ ਪਟੜੀ ‘ਤੇ ਆ ਸਕੇ। ਇਸਦੇ ਨਾਲ ਹੀ ਉਹਨਾਂ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੀਐੱਮ ਮੋਦੀ ਨੂੰ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਸਖ਼ਤ ਪਾਲਿਸੀ ਤਹਿਤ ਕੰਮ ਕਰ ਰਹੀ ਹੈ। ਕੈਪਟਨ ਨੇ ਕੋਰੋਨਾ ਲਈ ਜ਼ਰੂਰੀ ਹਦਾਇਤਾਂ ‘ਚ ਢਿੱਲ, ਵੱਡੇ ਇਕੱਠ ਅਤੇ ਜ਼ਿੰਦਗੀ ਨੂੰ ਪਟੜੀ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਵਧਦੇ ਕੋਰੋਨਾ ਕੇਸਾਂ ਲਆ ਜ਼ਿੰਮੇਵਾਰ ਠਹਿਰਾਇਆ।