ਬਿਓਰੋ। ਦੇਸ਼ ‘ਚ ਕੋਰੋਨਾ ਦੇ ਚਲਦੇ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਹਨਾਂ ‘ਚੋਂ ਕਈ ਅਜਿਹੇ ਵੀ ਹਨ, ਜੋ ਆਪਣੇ ਪਿੱਛੇ ਬੱਚਿਆਂ ਨੂੰ ਇਕੱਲਾ ਛੱਡ ਗਏ ਹਨ। ਇਹਨਾਂ ਬੱਚਿਆਂ ਦਾ ਖਰਚ ਚੁੱਕਣ ਲਈ ਹੁਣ ਕੇਂਦਰ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਕੋਰੋਨਾ ਦੇ ਚਲਦੇ ਆਪਣੇ ਮਾਂ-ਬਾਪ ਗਵਾਉਣ ਵਾਲੇ ਬੱਚਿਆਂ ਲਈ ਕੇਂਦਰ ਸਰਕਾਰ ਨੇ PM ਕੇਅਰਸ ਫੌਰ ਚਿਲਡ੍ਰਨ ਸਕੀਮ ਦਾ ਐਲਾਨ ਕੀਤਾ ਹੈ।
ਇਹ ਹੋਣਗੇ ਸਕੀਮ ਦੇ ਫ਼ਾਇਦੇ
ਸਰਕਾਰ ਦੀ ਸਕੀਮ ਮੁਤਾਬਕ, ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਹਰ ਮਹੀਨੇ ਆਰਥਿਕ ਮਦਦ ਦਿੱਤੀ ਜਾਵੇਗੀ ਅਤੇ 23 ਸਾਲ ਦੀ ਉਮਰ ਹੋਣ ‘ਤੇ ਉਹਨਾਂ ਨੂੰ PM ਕੇਅਰਸ ਫੰਡ ‘ਚੋਂ 10 ਲੱਖ ਰੁਪਏ ਇੱਕਮੁਸ਼ਤ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਚੁੱਕੇਗੀ। ਇੰਨਾ ਹੀ ਨਹੀਂ, ਜੇਕਰ ਬੱਚਾ ਉੱਚ ਸਿੱਖਿਆ ਲਈ ਲੋਨ ਲੈਣਾ ਚਾਹੁੰਦਾ ਹੈ, ਤਾਂ ਉਸ ‘ਚ ਵੀ ਰਾਹਤ ਦਿੱਤੀ ਜਾਵੇਗੀ। ਲੋਨ ਦਾ ਵਿਆਜ ਸਰਕਾਰ PM ਕੇਅਰਸ ਫੰਡ ‘ਚੋਂ ਦੇਵੇਗੀ।
ਇਸ ਸਭ ਤੋਂ ਇਲਾਵਾ ਇਹ ਬੱਚੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਵੀ ਫ਼ਾਇਦਾ ਚੁੱਕ ਸਕਣਗੇ। ਯੋਜਨਾ ਦਾ ਪ੍ਰੀਮੀਅਮ ਵੀ ਸਰਕਾਰ ਵੱਲੋਂ ਹੀ PM ਕੇਅਰਸ ਫੰਡ ‘ਚੋਂ ਦਿੱਤਾ ਜਾਵੇਗਾ।
ਹਰਿਆਣਾ ਸਰਕਾਰ ਨੇ ਵੀ ਲਈ ਸਾਰ
ਕੋਰੋਨਾ ਦੇ ਚਲਦੇ ਅਨਾਥ ਹੋਏ ਬੱਚਿਆਂ ਲਈ ਹਰਿਆਣਾ ਸਰਕਾਰ ਨੇ ਵੀ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਅਨਾਥ ਹੋਏ ਬੱਚਿਆਂ ਨੂੰ ਸਰਕਾਰ 18 ਸਾਲ ਦੀ ਉਮਰ ਤੱਕ 2500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਆਰਥਿਕ ਮਦਦ ਦੇਵੇਗੀ। ਇਸ ਤੋਂ ਇਲਾਵਾ ਹਰ ਸਾਲ 12 ਹਜ਼ਾਰ ਰੁਪਏ ਹੋਰ ਖਰਚਿਆਂ ਲਈ ਦਿੱਤੇ ਜਾਣਗੇ।
हरियाणा में कोविड-19 महामारी के कारण अपने माता-पिता को खोने वाले बच्चों को सुरक्षित भविष्य देने के लिए मुख्यमंत्री श्री @mlkhattar ने घोषित की #MukhyaMantriBalSewaYojana pic.twitter.com/TLEtGuSTWA
— CMO Haryana (@cmohry) May 29, 2021
ਪੰਜਾਬ ਸਰਕਾਰ ਵੀ ਦੇ ਚੁੱਕੀ ਹੈ ਰਾਹਤ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਐਲਾਨ ਕਰ ਚੁੱਕੀ ਹੈ ਕਿ ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਅਤੇ ਪਰਿਵਾਰ ਦਾ ਕਮਾਊ ਜੀਅ ਗਵਾਉਣ ਵਾਲਿਆਂ ਨੂੰ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਮਹੀਨੇ ਦੀ ਇਹ ਰਕਮ ਬਤੌਰ ਸਮਾਜਿਕ ਸੁਰੱਖਿਆ ਪੈਨਸ਼ਨ ਦਿੱਤੀ ਜਾਵੇਗੀ। ਇਸਦੇ ਨਾਲ ਹੀ ਬੱਚਿਆਂ ਨੂੰ ਗ੍ਰੈਜੁਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਦਾ ਵੀ ਸਰਕਾਰ ਨੇ ਐਲਾਨ ਕੀਤਾ ਹੈ।(ਪੂਰੀ ਖ਼ਬਰ ਇਥੇ ਪੜ੍ਹੋ)