Home Politics ਸਿੱਧੂ ਨੂੰ ਸਜ਼ਾ ਦੇਣਗੇ ਜਾਂ ਰਿਵਾਰਡ ਦੇਣਗੇ 'ਰਾਜਾ ਸਾਬ੍ਹ'? ਕਾਂਗਰਸ ਸਾਂਸਦ ਨੇ...

ਸਿੱਧੂ ਨੂੰ ਸਜ਼ਾ ਦੇਣਗੇ ਜਾਂ ਰਿਵਾਰਡ ਦੇਣਗੇ ‘ਰਾਜਾ ਸਾਬ੍ਹ’? ਕਾਂਗਰਸ ਸਾਂਸਦ ਨੇ ਪੁੱਛਿਆ ਸਵਾਲ

ਬਿਓਰੋ। 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਧੜੇਬੰਦੀ ਇੱਕ ਵਾਰ ਫਿਰ ਜੱਗ-ਜ਼ਾਹਿਰ ਹੋਣ ਲੱਗੀ ਹੈ। ਫਿਲਹਾਲ ਘਮਸਾਣ ਦੀ ਵਜ੍ਹਾ ਨਵਜੋਤ ਸਿੰਘ ਸਿੱਧੂ ਹਨ, ਜੋ ਬੇਅਦਬੀ ਮਾਮਲਿਆਂ ਨੂੰ ਲੈ ਕੇ ਲਗਾਤਾਰ ਕੈਪਟਨ ਸਰਕਾਰ ‘ਤੇ ਹਮਲੇ ਬੋਲ ਰਹੇ ਹਨ। ਸਿੱਧੂ ਦੇ ਇਹਨਾਂ ਹਮਲਿਆਂ ਨੂੰ ਲੈ ਕੇ ਕਾਂਗਰਸ ‘ਚ ਖਲਬਲੀ ਮਚੀ ਹੈ। ਹਾਲਾਂਕਿ ਕੈਪਟਨ ਦਾ ਧੜਾ ਹਾਲੇ ਸਿੱਧੂ ‘ਤੇ ਖੁੱਲ੍ਹ ਕੇ ਹਮਲਾਵਰ ਨਹੀਂ ਹੋਇਆ ਹੈ, ਪਰ ਅਕਸਰ ਕੈਪਟਨ ਸਰਕਾਰ ‘ਤੇ ਸਵਾਲ ਚੁੱਕਣ ਵਾਲੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਸਿੱਧੂ ਦੇ ਖਿਲਾਫ਼ ਮੋਰਚਾ ਜ਼ਰੂਰ ਖੋਲ੍ਹ ਦਿੱਤਾ ਹੈ।

ਰਵਨੀਤ ਬਿੱਟੂ ਨੇ ਟਵੀਟ ਕਰਕੇ ਲਿਖਿਆ, “ਬਰਗਾੜੀ ਦੀ ਘਟਨਾ ਦੀ ਗੱਲ ਆਉਦੀ ਹੈ, ਤਾਂ ਅਸੀਂ ਸਾਰੇ ਦੋਸ਼ੀਆਂ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ ਹਾਂ। ਪਰ ਨਵਜੋਤ ਸਿੱਧੂ ਨੇ ਆਪਣੇ ਬਿਆਨਾਂ ਨਾਲ ਕਾਂਗਰਸ ਪਾਰਟੀ ਦੇ ਸਾਰੇ ਨਿਯਮ ਤੇ ਨੀਤੀਆਂ ਤੋੜ ਦਿੱਤੇ ਹਨ। ਕੀ ਉਹ ਬਰਗਾੜੀ ਮੁੱਦੇ ਨੂੰ ਹਥਿਆਰ ਬਣਾ ਕੇ ਕਿਸ਼ਤੀ ‘ਚੋਂ ਉਤਰਨ ਦੀ ਤਿਆਰੀ ‘ਚ ਹਨ ਜਾਂ ਕਿਸੇ ਵੱਡੇ ਅਹੁਦੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਂ’ਚ ਲੱਗੇ ਹਨ। ਹੁਣ ਵੇਖਣਾ ਹੋਏਗਾ ਕਿ ਇਸ ਅਨੁਸ਼ਾਸਨਹੀਣਤਾ ਲਈ ਉਹਨਾਂ ਨੂੰ ਸਨਮਾਨ ਮਿਲਦਾ ਹੈ ਜਾਂ ਸਜ਼ਾ। ਹੁਣ ਗੇਂਦ ਰਾਜਾ ਦੇ ਪਾਲੇ ‘ਚ ਹੈ, ਉਹ ਚਾਹੁਣ ਤਾਂ ਮਿਸਾਲ ਪੇਸ਼ ਕਰਨ ਜਾਂ ਭਟਕੇ ਹੋਏ ਨੂੰ ਰਸਤਾ ਵਿਖਾਉਣ ਦਾ ਕੰਮ ਕਰਨ। ਪਰ ਫ਼ੈਸਲਾ ਜਲਦੀ ਹੋਣਾ ਚਾਹੀਦਾ ਹੈ, ਤਾਂ ਜੋ ਅਜਿਹਾ ਨੁਕਸਾਨ ਨਾ ਹੋ ਜਾਵੇ, ਜਿਸਦੀ ਭਰਪਾਈ ਨਾ ਕੀਤੀ ਜਾ ਸਕੇ।”

ਰਵਨੀਤ ਬਿੱਟੂ ਨੇ ਇਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੂੰ ਵੀ ਲਲਕਾਰਿਆ ਸੀ। ਬਿੱਟੂ ਨੇ ਟਵਿਟਰ ‘ਤੇ ਲਿਖਿਆ ਸੀ, “ਮੈਂ ਬੜੀ ਨਿਮਰਤਾ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਇੰਨੇ ਸੰਵੇਦਨਸ਼ੀਲ ਮੁੱਦੇ ‘ਤੇ ਮੰਤਰੀ ਚੁੱਪ ਕਿਉਂ ਹਨ। ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਤੱਥਾਂ ਦੇ ਨਾਲ ਸੀਐੱਮ ਦਾ ਬਚਾਅ ਕਰਨਾ ਚਾਹੀਦਾ ਹੈ। ਉਹ ਵੀ ਜਦੋਂ ਉਹਨਾਂ ਦਾ ਇੱਕ ਸਾਬਕਾ ਸਾਥੀ ਸਿੱਧੇ ਸੀਐੱਮ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੋਵੇ। ਮੰਤਰੀਮੰਡਲ ਚੁੱਪ ਹੈ।”

ਸਿੱਧੂ ਦੇ ਨਿਸ਼ਾਨੇ ‘ਤੇ ਸਿੱਧੇ ਕੈਪਟਨ

ਦਰਅਸਲ, ਨਵਜੋਤ ਸਿੱਧੂ ਲਗਾਤਾਰ ਟਵੀਟ ਕਰਕੇ ਸਰਕਾਰ ‘ਤੇ ਹਮਲਾ ਬੋਲ ਰਹੇ ਹਨ। ਆਪਣੇ ਤਾਜ਼ਾ ਟਵੀਟ ‘ਚ ਉਹਨਾਂ ਨੇ ਲਿਖਿਆ, “ਜਜਮੈਂਟ ਦਾ ਮਤਲਬ ਇਹ ਨਹੀਂ ਕਿ ਬਾਦਲਾਂ ਖਿਲਾਫ਼ ਕੋਈ ਸਬੂਤ ਨਹੀਂ ਹੈ, ਇਸਦਾ ਮਤਲਬ ਹੈ ਕਿ ਜਾਂਚ ‘ਚ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ? ਇਹ ਬਾਦਲਾਂ ਲਈ ਅਸਥਾਈ ਰਾਹਤ ਹੈ, ਜਦ ਤੱਕ ਨਿਰਪੱਖ ਜਾਂਚ ਉਹਨਾਂ ਨੂੰ ਕਟਹਿਰੇ ਤੱਕ ਨਹੀਂ ਲਿਜਾਂਦੀ। ਉਹ ਦੋਸ਼ ਮੁਕਤ ਨਹੀਂ, ਬੱਸ ਥੋੜ੍ਹਾ ਜਿਹਾ ਸਮਾਂ ਮਿਲਿਆ ਹੈ। ਇਨਸਾਫ਼ ਲਈ ਮਿਲ ਕੇ ਲੜੀਏ।”

ਇਸ ਤੋਂ ਪਹਿਲਾਂ ਬੀਤੇ ਦਿਨ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਸੀ, “ਸਾਨੂੰ ਇਨਸਾਫ਼ ਕਿਵੇਂ ਮਿਲੇਗਾ? ਚਾਰਜਸ਼ੀਟ ‘ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਾ ਨਾੰਅ ਆਉਣ ਦੇ 2 ਸਾਲ ਬਾਅਦ ਵੀ ਨਾ ਤਾਂ ਉਹਨਾਂ ਦੇ ਖਿਲਾਫ਼ ਚਲਾਨ ਪੇਸ਼ ਹੋਇਆ ਤੇ ਨਾ ਹੀ FIR ‘ਚ ਉਹਨਾਂ ਦੇ ਨਾੰਅ ਸ਼ਾਮਲ ਕੀਤੇ ਗਏ ਹਨ। ਦੋਵਾਂ ਦੇ ਖਿਲਾਫ਼ ਸਬੂਤ ਸਨ, ਤਾਂ ਉਹਨਾਂ ਦੀ ਜਾਂਚ ਕਿਉਂ ਨਹੀਂ ਹੋਈ ਅਤੇ ਸਬੂਤ ਕੋਰਟ ਸਾਹਮਣੇ ਕਿਉਂ ਨਹੀਂ ਲਿਆਂਦੇ ਗਏ? ਕੇਸ ਨੂੰ ਲਟਕਾਉਣ ਅਤੇ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਕੌਣ ਹੈ?”

2 ਦਿਨ ਪਹਿਲਾਂ ਸਿੱਧੂ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਸਿੱਧੇ ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਬੋਲਿਆ ਸੀ। ਸਿੱਧੂ ਨੇ ਟਵਿਟਰ ‘ਤੇ ਲਿਖਿਆ ਸੀ, “ਕੀ ਬੇਅਦਬੀ ਦਾ ਮੁੱਦਾ ਗ੍ਰਹਿ ਮੰਤਰੀ(ਕੈਪਟਨ ਅਮਰਿੰਦਰ ਸਿੰਘ) ਦੀ ਸਭ ਤੋਂ ਵੱਡੀ ਪਹਿਲ ਨਹੀਂ ਹੈ? ਜ਼ਿੰਮੇਵਾਰੀ ਤੋਂ ਭੱਜਣ ਅਤੇ ਸਿਰਫ਼ ਐਡਵੋਕੇਟ ਜਨਰਲ ਨੂੰ ਬਲੀ ਦਾ ਬਕਰਾ ਬਣਾਉਣ ਦਾ ਮਤਲਬ ਹੈ ਕਿ ਐਗਜ਼ੈਕਟਿਵ ਅਥਾਰਿਟੀ ‘ਤੇ ਕਿਸੇ ਦਾ ਕੰਟਰੋਲ ਨਹੀਂ ਹੈ। AG ਨੂੰ ਕੌਣ ਕੰਟਰੋਲ ਕਰਦਾ ਹੈ? ਉਸ ਕਿਸ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਹਨ? ਜ਼ਿੰਮੇਵਾਰੀਆਂ ਤੋਂ ਭੱਜਣ ਦੇ ਇਸ ਖੇਡ ‘ਚ ਲੀਗਲ ਟੀਮ ਸਿਰਫ਼ ਇੱਕ ਮੋਹਰਾ ਹੈ।”

ਕੈਪਟਨ ਅਜੇ ਤੱਕ ਚੁੱਪ

ਸਿੱਧੂ ਦੇ ਤਾਬੜਤੋੜ ਹਮਲਿਆਂ ‘ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਅਜੇ ਤੱਕ ਚੁੱਪ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਵੀ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੈ। ਫਿਲਹਾਲ ਪੂਰੇ ਘਟਨਾਕ੍ਰਮ ‘ਤੇ ਹਾਈਕਂਮਾਨ ਦੀ ਨਜ਼ਰ ਹੈ। ਕਈ ਸਿਆਸੀ ਮਾਹਰ ਪੰਜਾਬ ਕਾਂਗਰਸ ‘ਚ ਚੱਲ ਰਹੀ ਇਸ ਬਿਆਨਬਾਜ਼ੀ ਨੂੰ ਪਾਰਟੀ ‘ਚ ਵੱਡੇ ਤੂਫਾਨ ਦੀ ਆਹਟ ਦੇ ਤੌਰ ‘ਤੇ ਵੇਖ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments