ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹਰ ਦਿਨ ਇਥੇ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਵਧਦੇ ਕੋਰੋਨਾ ਮਾਮਲਿਆਂ ‘ਤੇ ਕਾਬੂ ਪਾਉਣ ਲਈ ਕਈ ਸੂਬਿਆਂ ‘ਚ ਲਾਕਡਾਊਨ ਵਰਗੀਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਵਿਚਾਲੇ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਲਾਕਡਾਊਨ ਅਗਲੇ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਦਿੱਲੀ ‘ਚ ਹੁਣ ਅਗਲੇ ਸੋਮਵਾਰ ਯਾਨੀ 3 ਮਈ ਦੀ ਸਵੇਰ 5 ਵਜੇ ਤੱਕ ਲਾਕਡਾਊਨ ਰਹੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ।
दिल्ली में कोरोना की मौजूदा स्थिति पर एक महत्वपूर्ण प्रेस कॉन्फ्रेंस | LIVE https://t.co/NnrPKKbSj4
— Arvind Kejriwal (@ArvindKejriwal) April 25, 2021
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਲਾਕਡਾਊਨ ਦੇ ਐਲਾਨ ਸਮੇਂ ਕੇਜਰੀਵਾਲ ਨੇ ਕਿਹਾ ਸੀ ਕਿ ਮੈਨੂੰ ਉਮੀਦ ਹੈ ਇਹ ਲਾਕਡਾਊਨ 6 ਦਿਨਾਂ ਦਾ ਹੀ ਹੋਵੇਗਾ। ਇਸ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਪਏਗੀ।
ਦਿੱਲੀ ‘ਚ ਆਕਸੀਜ਼ਨ ਦੀ ਭਾਰੀ ਕਿੱਲਤ
ਸੀਐੱਮ ਕੇਜਰੀਵਾਲ ਨੇ ਫਿਰ ਦੋਹਰਾਇਆ ਕਿ ਦਿੱਲੀ ‘ਚ ਆਕਸੀਜ਼ਨ ਦੀ ਕਮੀ ਦੇ ਚਲਦੇ ਕਾਫ਼ੀ ਪਰੇਸ਼ਾਨੀ ਆ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਕੇਂਦਰ ਦੇ ਨਾਲ-ਨਾਲ ਸਾਰੇ ਸੂਬਿਆਾਂ ਨਾਲ ਸੰਪਰਕ ਕਰ ਰਹੇ ਹਨ, ਤਾਂ ਜੋ ਦਿੱਲੀ ‘ਚ ਆਕਸੀਜ਼ਨ ਦੀ ਡਿਮਾਂਡ ਪੂਰੀ ਕੀਤੀ ਜਾ ਸਕੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਕ ਪੋਰਟਲ ਵੀ ਸ਼ੁਰੂ ਕੀਤਾ ਹੈ, ਜੋ ਆਕਸੀਜ਼ਨ ਦੀ ਸਪਲਾਈ ਦੇ ਬਿਹਤਰ ਇੰਤਜ਼ਾਮ ਲਈ ਆਕਸੀਜ਼ਨ ਨਿਰਮਾਤਾਵਾਂ, ਸਪਲਾਇਰਜ਼ ਅਤੇ ਹਸਪਤਾਲਾਂ ਵੱਲੋਂ ਹਰ 2 ਘੰਟੇ ‘ਚ ਅਪਡੇਟ ਕੀਤਾ ਜਾਵੇਗਾ।
ਦਿੱਲੀ ‘ਚ ਲਗਾਤਾਰ ਵੱਧ ਰਹੇ ਕੇਸ
ਦੱਸ ਦਈਏ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲੇ ਹਰ ਰੋਜ਼ ਵਧਦੇ ਜਾ ਰਹੇ ਹਨ। ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ 25 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ। ਇਸਦੇ ਨਾਲ ਹੀ ਦਿੱਲੀ ‘ਚ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ। 24 ਘੰਟਿਆਂ ‘ਚ ਦਿੱਲੀ ‘ਚ ਪਹਿਲੀ ਵਾਰ 350 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਵੇਲੇ ਦਿੱਲੀ ‘ਚ ਇੱਕ ਲੱਖ ਦੇ ਕਰੀਬ ਐਕਟਿਵ ਮਾਮਲੇ ਹਨ।
ਦੇਸ਼ ‘ਚ ਵੀ ਰਿਕਾਰਡ ਕੇਸ
ਦੇਸ਼ ‘ਚ ਲਗਾਤਾਰ ਚੌਥੇ ਦਿਨ 3 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ‘ਚ 3,49,691 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 2767 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ 2,17,113 ਲੋਕ ਕੋਰੋਨਾ ਤੋਂ ਰਿਕਵਰ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ‘ਚ 3,46,786 ਨਵੇਂ ਕੇਸ ਸਾਹਮਣੇ ਆਏ ਸਨ।