ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾੰਅ ਨਹੀਂ ਲੈ ਰਿਹਾ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ 8874 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
ਨਵੇਂ ਮਰੀਜ਼ਾਂ ਦੇ ਮਾਮਲਿਆਂ ‘ਚ ਲੁਧਿਆਣਾ ਸਭ ਤੋਂ ਅੱਗੇ ਹੈ। 24 ਘੰਟਿਆਂ ‘ਚ ਲੁਧਿਆਣਾ ‘ਚ 1257 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮੋਹਾਲੀ ‘ਚ 942 ਅਤੇ ਜਲੰਧਰ ‘ਚ 916 ਸਾਹਮਣੇ ਆਏ ਹਨ। ਓਧਰ ਬਠਿੰਡਾ ‘ਚ ਵੀ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ। ਇਥੇ 847 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ।
ਮੌਤਾਂ ਦੇ ਅੰਕੜਿਆਂ ‘ਚ ਥੋੜ੍ਹੀ ਗਿਰਾਵਟ
ਮੌਤਾਂ ਦੇ ਮਾਮਲਿਆਂ ‘ਚ ਵੀ ਅੰਕੜੇ ਪਰੇਸ਼ਾਨ ਕਰਨ ਵਾਲੇ ਹਨ, ਹਾਲਾਂਕਿ ਬੁੱਧਵਾਰ ਨਾਲੋਂ ਅੰਕੜਿਆਂ ‘ਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। 24 ਘੰਟਿਆਂ ‘ਚ 154 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ‘ਚ ਹੋਈਆਂ ਹਨ। ਇਥੇ ਇੱਕ ਦਿਨ ‘ਚ 25 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ, ਉਥੇ ਹੀ ਲੁਧਿਆਣਾ ‘ਚ 19, ਪਟਿਆਲਾ ‘ਚ 15 ਅਤੇ ਜਲੰਧਰ-ਸੰਗਰੂਰ ‘ਚ 12-12 ਲੋਕਾਂ ਦੀ ਜਾਨ ਚਲੀ ਗਈ।
ਕਰੀਬ 9 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ
ਪੰਜਾਬ ‘ਚ ਕੋਰੋਨਾ ਦੇ ਕਰੀਬ 65 ਹਜ਼ਾਰ ਐਕਟਿਵ ਕੇਸ ਹਨ, ਜਿਹਨਾਂ ‘ਚੋਂ 9 ਹਜ਼ਾਰ ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਹਤ ਵਿਭਾਗ ਦੇ ਮੁਤਾਬਕ, ਇਸ ਵੇਲੇ ਪੰਜਾਬ ‘ਚ 8728 ਲੋਕ ਆਕਸੀਜ਼ਨ ਅਤੇ 238 ਲੋਕ ਵੈਂਟੀਲੇਟਰ ‘ਤੇ ਹਨ।