ਬਿਓਰੋ। ਕੋਰੋਨਾ ਦੇ ਵਧਦੇ ਕਹਿਰ ਵਿਚਾਲੇ ਦੇਸ਼ ‘ਚ ਮੈਡੀਕਲ ਸਟਾਫ ਦਾ ਵੀ ਸੰਕਟ ਖੜ੍ਹਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਸਰਕਾਰਾਂ ਹੁਣ MBBS ਫ਼ਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਵੀ ਫੀਲਡ ‘ਚ ਉਤਾਰਨ ਦੀ ਤਿਆਰੀ ‘ਚ ਹਨ। ਹਾਲ ਹੀ ‘ਚ ਮੋਦੀ ਸਰਕਾਰ ਨੇ ਇਸ ਫ਼ੈਸਲੇ ‘ਤੇ ਮੁਹਰ ਲਗਾਈ ਅਤੇ ਕੈਪਟਨ ਸਰਕਾਰ ਵੀ ਇਸ ਨੂੰ ਹਰੀ ਝੰਡੀ ਦੇ ਚੁੱਕੀ ਹੈ। ਪਰ ਪੰਜਾਬ ਬੀਜੇਪੀ ਨੇ ਕੈਪਟਨ ਸਰਕਾਰ ਦੇ ਇਸ ਫ਼ੈਸਲੇ ‘ਤੇ ਸਵਾਲ ਖੜ੍ਹੇ ਕੀਤੇ ਹਨ।
ਮਰੀਜ਼ਾਂ ਅਤੇ ਵਿਦਿਆਰਥੀਆਂ ਦੋਹਾਂ ਨਾਲ ਖਿਲਵਾੜ- ਸ਼ਰਮਾ
ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਵਿਰੁੱਧ ਲੜਨ ਲਈ ਡਾਕਟਰੀ ਅਤੇ ਮੈਡੀਕਲ ਸੇਵਾਵਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੈਦਾਨ ਵਿਚ ਉਤਾਰ ਦਿੱਤਾ ਹੈ, ਜੋ ਕਿ ਬਿਲਕੁਲ ਗਲਤ ਹੈ। ਉਹਨਾਂ ਕਿਹਾ ਕਿ ਅੱਧੇ-ਅਧੂਰੇ ਸਿਖਿਅਤ ਵਿਦਿਆਰਥੀਆਂ ਨੂੰ ਕੋਰੋਨਾ ਵਿਰੁੱਧ ਲੜਾਈ ਦੇ ਮੈਦਾਨ ਵਿਚ ਉਤਾਰ ਕੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮਰੀਜ਼ਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ, ਨਾਲ ਹੀ ਵਿਦਿਆਰਥੀਆਂ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨ।
ਫੰਡ ਦੇ ਬਾਵਜੂਦ ਨਹੀਂ ਲਗਾਏ ਪਲਾਂਟ- ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਖ਼ਿਲਾਫ਼ ਜੰਗ ਲੜਨ ਲਈ ਪੰਜਾਬ ਸਰਕਾਰ ਨੂੰ 995 ਕਰੋੜ ਰੁਪਏ ਅਤੇ ਹੋਰ ਚੀਜ਼ਾਂ ਦਿੱਤੀਆਂ ਸਨ। ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਲਗਾਏ ਜਾਣ ਵਾਲੇ 162 ਮੈਡੀਕਲ ਆਕਸੀਜਨ ਪਲਾਂਟਾਂ ਵਿਚੋਂ ਪੰਜਾਬ ਨੂੰ ਤਿੰਨ ਆਕਸੀਜਨ ਪਲਾਂਟ ਅਲਾਟ ਕੀਤੇ ਗਏ ਸਨ, ਜਿਸ ਲਈ ਕੇਂਦਰ ਨੇ ਫੰਡ ਵੀ ਮੁਹੱਈਆ ਕਰਵਾਏ ਸਨ। ਪਰ ਅਮਰਿੰਦਰ ਸਰਕਾਰ ਦੀ ਨਾਲਾਇਕੀ ਕਾਰਨ, ਉਨ੍ਹਾਂ ਵਿੱਚੋਂ ਇੱਕ ਵੀ ਆਕਸੀਜਨ ਪਲਾਂਟ ਸਮੇਂ ਸਿਰ ਪੰਜਾਬ ਵਿੱਚ ਨਹੀਂ ਲਗਾਇਆ ਜਾ ਸਕਿਆ।
‘ਵੈਂਟੀਲੇਟਰ ਦੀ ਸਮੱਸਿਆ ਲਈ ਵੀ ਪੰਜਾਬ ਸਰਕਾਰ ਜ਼ਿੰਮੇਵਾਰ’
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਮਰਿੰਦਰ ਸਰਕਾਰ ਨੂੰ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪੀਐਮ ਕੇਅਰਸ ਫੰਡ ਵਿਚੋਂ 290 ਵੈਂਟੀਲੇਟਰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 250 ਵੈਂਟੀਲੇਟਰ ਅਮਰਿੰਦਰ ਸਰਕਾਰ ਦੀ ਨਾਲਾਇਕੀ ਕਾਰਨ ਧੂੜ ਫਕਦੇ ਰਹੇ ਅਤੇ ਹੁਣ ਉਹ ਨਿੱਜੀ ਹਸਪਤਾਲਾਂ ਨੂੰ ਦੇ ਕੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਗੱਲ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਅਮਰਿੰਦਰ ਸਰਕਾਰ ਦੀਆਂ ਗਲਤੀਆਂ ਕਾਰਨ ਆਮ ਲੋਕਾਂ ਨੂੰ ਜਾਣੀ ਅਤੇ ਮਾਲੀ ਬਹੁਤ ਨੁਕਸਾਨ ਸਹਿਣਾ ਪੈ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸੂਬੇ ਦੇ ਗਰੀਬ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਕੈਪਟਨ ਸਰਕਾਰ ਨੇ ਕੀ ਪ੍ਰਬੰਧ ਕੀਤੇ ਹਨ?