ਨਵੀਂ ਦਿੱਲੀ। 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਇੱਕ ਵਾਰ ਫਿਰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਤੀਸ ਹਜ਼ਾਰੀ ਕੋਰਟ ਨੇ ਦਿੱਲੀ ਪੁਲਿਸ ਵੱਲੋਂ ਸਿੱਧੂ ‘ਤੇ ਦੂਜੇ ਕੇਸ ‘ਚ ਪਾਈ ਗ੍ਰਿਫ਼ਤਾਰੀ ‘ਤੇ ਸਵਾਲ ਚੁੱਕੇ। ਇੱਕ ਕੇਸ ‘ਚ ਜ਼ਮਾਨਤ ਮਿਲਣ ਦੇ ਕੁਝ ਹੀ ਘੰਟਿਆਂ ਬਾਅਦ ਦੂਜੇ ਕੇਸ ‘ਚ ਪਾਈ ਗ੍ਰਿਫ਼ਤਾਰੀ ਨੂੰ ਕੋਰਟ ਨੇ ਭੈੜੀ ਕਾਰਵਾਈ ਕਰਾਰ ਦਿੱਤਾ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਨੂੰ ਨਿਰਧਾਰਤ ਅਪਰਾਧਿਕ ਪ੍ਰਕਿਰਿਆ ਨਾਲ ਧੋਖਾਧੜੀ ਕਰਾਰ ਦਿੱਤਾ।
ਲਾਲ ਕਿਲ੍ਹੇ ‘ਚ ਤੋੜਫੋੜ ਮਾਮਲੇ ‘ਚ ਜ਼ਮਾਨਤ
ਦੀਪ ਸਿੱਧੂ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ ‘ਚ ਤੋੜਫੋੜ ਕਰਨ ਦੇ ਮਾਮਲੇ ‘ਚ ਜ਼ਮਾਨਤ ਮਿਲੀ ਹੈ, ਜੋ ਉਹਨਾਂ ‘ਤੇ ਪੁਰਾਤਤਵ ਵਿਭਾਗ ਵੱਲੋਂ ਦਰਜ ਕੀਤਾ ਗਿਆ ਸੀ।
ਤਿਰੰਗੇ ਦੀ ਬੇਅਦਬੀ ਕੇਸ ‘ਚ ਮਿਲ ਚੁੱਕੀ ਹੈ ਜ਼ਮਾਨਤ
ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਦੀਪ ਸਿੱਧੂ ਨੂੰ ਲਾਲ ਕਿਲ੍ਹੇ ‘ਤੇ ਤਿਰੰਗੇ ਦੀ ਬੇਅਦਬੀ ਮਾਮਲੇ ‘ਚ ਜ਼ਮਾਨਤ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੋੜਫੋੜ ਮਾਮਲੇ ‘ਚ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਪਾਈ ਸੀ। ਪੁਲਿਸ ਨੇ ਸਿੱਧੂ ਨੂੰ 9 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਤੋਂ ਕਾਬੂ ਕੀਤਾ ਸੀ।
70 ਦਿਨਾਂ ਤੋਂ ਕਸਟਡੀ ‘ਚ ਦੀਪ ਸਿੱਧੂ- ਕੋਰਟ
ਦਿੱਲੀ ਦੀ ਕੋਰਟ ਨੇ ਕਿਹਾ ਕਿ ਦੀਪ ਸਿੱਧੂ ਤੋਂ ਪਹਿਲਾਂ ਹੀ 14 ਦਿਨ ਪੁਲਿਸ ਕਸਟ਼ਡੀ ‘ਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 70 ਦਿਨਾਂ ਤੱਕ ਉਹ ਪਹਿਲਾਂ ਵੀ ਪੁਲਿਸ ਕਸਟਡੀ ‘ਚ ਵੀ ਰਹਿ ਚੁੱਕਿਆ ਹੈ, ਜਿਸ ਤੋਂ ਬਾਅਦ ਉਸਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ।