ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵਧਦੇ ਅੰਕੜੇ ਸਰਕਾਰ ਦੀ ਚਿੰਤਾ ਵਧਾ ਰਹੇ ਹਨ, ਪਰ ਇਸ ਵਿਚਾਲੇ ਆਕਸੀਜ਼ਨ ਦੀ ਕਮੀ ਵੀ ਇੱਕ ਵੱਡਾ ਮੁੱਦਾ ਬਣਦੀ ਜਾ ਰਹੀ ਹੈ। ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਬੀਤੇ ਦਿਨ ਆਕਸੀਜ਼ਨ ਨਾ ਮਿਲਣ ਦੇ ਚਲਦੇ 6 ਮਰੀਜ਼ਾਂ ਦੀ ਹੋਈ ਮੌਤ ਤੋਂ ਬਾਅਦ ਸਰਕਾਰ ਨੇ 2 ਦਿਨਾਂ ਅੰਦਰ ਦੂਜੀ ਵਾਰ ਕੇਂਦਰ ਤੋਂ ਮਦਦ ਮੰਗੀ ਹੈ।
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲਿਕੁਅਡ ਮੈਡੀਕਲ ਆਕਸੀਜ਼ਨ(ਐਨ.ਐਮ.ਓ.) ਦਾ ਕੋਟਾ ਘੱਟੋ-ਘੱਟ 250 MT ਤੱਕ ਵਧਾਉਣ ਦੀ ਆਪਣੀ ਮੰਗ ਦੋਹਰਾਈ ਹੈ। ਉਹਨਾਂ ਨੇ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤਾ ਕਿ ਭਾਰਤ ਸਰਕਾਰ ਕੋਲ ਜ਼ਰੂਰੀ ਸਪਲਾਈ ਲਈ ਪੈਰਵੀ ਕੀਤੀ ਜਾਵੇ ਅਤੇ ਦਿੱਲੀ ਅਤੇ ਹੋਰ ਸੂਬਿਆਂ ਤੋਂ ਮਰੀਜਾਂ ਦੀ ਗਿਣਤੀ ਵਧਣ ਅਤੇ ਸਥਿਤੀ ਦੀ ਗੰਭੀਰ ਨੂੰ ਦਰਸਾਉਂਦਿਆਂ ਮੈਡੀਕਲ ਆਕਸੀਜਨ ਵਧਾਉਣ ਦੀ ਮੰਗ ਉਠਾਈ ਜਾਵੇ।
‘ਹੋਰ ਸੂਬਿਆਂ ਦਾ ਕੋਟਾ ਵਧਿਆ, ਪੰਜਾਬ ਦਾ ਨਹੀਂ’
ਮੁੱਖ ਮੰਤਰੀ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਕਿਉਂਕਿ ਸਾਡੀ ਐਲ.ਐਮ.ਓ. ਦੀ ਸਪਲਾਈ ਵਧੀ ਹੋਈ ਮੰਗ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ।” ਉਨ੍ਹਾਂ ਅੱਗੇ ਲਿਖਿਆ ਕਿ ਸੂਬੇ ਤੋਂ ਬਾਹਰੋਂ ਪੰਜਾਬ ਨੂੰ ਪ੍ਰਤੀ ਦਿਨ ਘੱਟੋ ਘੱਟ 250 ਮੀਟ੍ਰਿਕ ਟਨ ਐਲ.ਐਮ.ਓ. ਅਲਾਟ ਕਰਨ ਦੀ ਬੇਨਤੀ ਦੇ ਬਾਵਜੂਦ, ਭਾਰਤ ਸਰਕਾਰ ਦੁਆਰਾ 24 ਅਪ੍ਰੈਲ, 2021 ਨੂੰ ਜਾਰੀ ਕੀਤੀ ਗਈ ਐਲ.ਐਮ.ਓ. ਦੀ ਨਵੀਂ ਵੰਡ ਵਿੱਚ ਪੰਜਾਬ ਦੇ ਕੋਟੇ ਵਿੱਚ ਵਾਧਾ ਨਹੀਂ ਕੀਤਾ ਗਿਆ, ਹਾਲਾਂਕਿ ਹੋਰ ਸੂਬਿਆਂ ਲਈ ਇਸਦੀ ਅਲਾਟਮੈਂਟ ਵਧਾਈ ਗਈ ਹੈ ਜਿਵੇ ਕਿ (ਕਰਨਾਟਕ (167%), ਤੇਲੰਗਾਨਾ (20%), ਰਾਜਸਥਾਨ (29%), ਆਦਿ)। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਲ.ਐਮ.ਓ. ਉਤਪਾਦਨ ਦੀ ਕੋਈ ਵੱਡੀ ਸਮਰੱਥਾ ਨਹੀਂ ਹੈ ਅਤੇ ਇਹ ਜ਼ਿਆਦਾਤਰ ਸੂਬੇ ਤੋਂ ਬਾਹਰੋਂ ਸਪਲਾਈ `ਤੇ ਨਿਰਭਰ ਹੈ, ਇਸ ਲਈ ਮੰਤਰੀ ਦੇ ਫੌਰੀ ਦਖਲ ਦੀ ਲੋੜ ਹੈ।
ਅੰਮ੍ਰਿਤਸਰ ਹਾਦਸੇ ਤੋਂ ਸਬਕ !
ਇਹ ਵੀ ਪੜ੍ਹੋ:- ਅੰਮ੍ਰਿਤਸਰ ‘ਚ ਆਕਸੀਜ਼ਨ ਦੀ ਕਮੀ ਨੇ ਲਈਆਂ 6 ਜਾਨਾਂ
ਇਸ ਵਿਚਾਲੇ ਸੀਐੱਮ ਨੇ ਮੁੱਖ ਸਕੱਤਰ ਨੂੰ ਅੰਮ੍ਰਿਤਸਰ ‘ਚ ਜ਼ਰੂਰੀ ਸਪਲਾਈ ਭੇਜਣ ਦਾ ਵੀ ਨਿਰਦੇਸ਼ ਦਿੱਤਾ, ਜਿਥੇ ਇੱਕ ਪ੍ਰਾਈਵੇਟ ਹਸਪਤਾਲ ‘ਚ ਆਕਸੀਜ਼ਨ ਦੀ ਘਾਟ ਕਾਰਨ 6 ਲੋਕਾਂ ਦੀ ਜਾਨ ਚਲੀ ਗਈ। ਸਥਿਤੀ ਦੀ ਨਾਜੁਕਤਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਉਦਯੋਗ ਦੇ ਪ੍ਰਮੁੱਖ ਸਕੱਤਰ ਪਾਸੋਂ ਸੂਬੇ ਵਿਚ ਹਸਪਤਾਲਾਂ ਅਨੁਸਾਰ ਆਕਸੀਜਨ ਦੀ ਮੰਗ-ਸਪਲਾਈ ਦੀ ਸਥਿਤੀ ਬਾਰੇ ਹਰੇਕ ਚਾਰ ਘੰਟੇ ਦੀ ਰਿਪੋਰਟ ਮੰਗੀ ਹੈ।