ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਨਾਲ ਹਾਹਾਕਾਰ ਮਚਿਆ ਹੈ ਅਤੇ ਰੋਜ਼ਾਨਾ ਸਾਹਮਣੇ ਆ ਰਹੇ ਅੰਕੜੇ ਪੁਰਾਣੇ ਸਾਰੇ ਰਿਕਾਰਡ ਤੋੜਦੇ ਜਾ ਰਹੇ ਹਨ। ਇਸ ਸਭ ਦੇ ਬਾਵਜੂਦ ਕੇਂਦਰ ਸਰਕਾਰ ਲਾਕਡਾਊਨ ਲਗਾਉਣ ਦੇ ਪੱਖ ‘ਚ ਨਹੀਂ ਹੈ, ਪਰ ਘਰਾਂ ਦੇ ਅੰਦਰ ਵੀ ਮਾਸਕ ਲਗਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ।
ਸੋਮਵਾਰ ਨੂੰ ਨੀਤੀ ਆਯੋਗ ਨੇ ਕਿਹਾ, “ਹੁਣ ਵਕਤ ਆ ਗਿਆ ਹੈ, ਜਦੋਂ ਘਰਾਂ ਅੰਦਰ ਪਰਿਵਾਰ ਦੇ ਨਾਲ ਰਹਿੰਦੇ ਹੋਏ ਵੀ ਮਾਸਕ ਪਾਉਣਾ ਚਾਹੀਦਾ ਹੈ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮਹਿਮਾਨਾਂ ਨੂੰ ਆਪਣੇ ਘਰਾਂ ‘ਚ ਨਾ ਸੱਦਿਆ ਜਾਵੇ।” ਨੀਤੀ ਆਯੋਗ ‘ਚ ਸਿਹਤ ਵਿਭਾਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਰਿਸਰਚ ਦੇ ਅੰਕੜੇ ਸਾਹਮਣੇ ਰੱਖ ਕੇ ਲੋਕਾਂ ਨੂੰ ਇਸ ਬਾਰੇ ਅਪੀਲ ਕੀਤੀ।
ਮਾਸਕ ਨਾਲ ਕਿੰਨਾ ਘੱਟ ਹੋਵੇਗਾ ਖ਼ਤਰਾ ?
ਡਾ. ਪੌਲ ਨੇ ਕਿਹਾ ਕਿ ਰਿਸਰਚ ਮੁਤਾਬਕ ਜੇਕਰ ਇੱਕ ਵਿਅਕਤੀ ਫਿਜ਼ੀਕਲ ਡਿਸਟੈਂਸਿੰਗ ਨਾ ਮੰਨੇ, ਤਾਂ ਉਹ 30 ਦਿਨਾਂ ‘ਚ 406 ਲੋਕਾਂ ਨੂੰ ਇਨਫੈਕਟ ਕਰ ਸਕਦਾ ਹੈ। ਜੇਕਰ ਕੋਰੋਨਾ ਪਾਜ਼ੀਟਿਵ ਸ਼ਖਸ ਆਪਣਾ ਫਿਜ਼ੀਕਲ ਐਕਸਪੋਜ਼ਰ 50 ਫ਼ੀਸਦ ਤੱਕ ਘੱਟ ਕਰ ਦੇਵੇ, ਤਾਂ ਇੱਕ ਮਹੀਨੇ ‘ਚ 15 ਲੋਕ ਅਤੇ 75 ਫ਼ੀਸਦ ਤੱਕ ਘਟਾਉਣ ਨਾਲ ਢਾਈ ਲੋਕਾਂ ਨੂੰ ਹੀ ਇਨਫੈਕਟ ਕਰ ਸਕੇਗਾ। ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ‘ਚ ਅਨਇਨਫੈਕਟੇਡ ਸ਼ਖਸ ਨੇ ਮਾਸਕ ਲਗਾਇਆ ਹੈ ਅਤੇ ਇਨਫੈਕਟੇਡ ਸ਼ਖਸ ਨੇ ਮਾਸਕ ਨਹੀਂ ਲਗਾਇਆ, ਤਾਂ ਇਨਫੈਕਸ਼ਨ ਦਾ ਖ਼ਤਰਾ 30 ਫ਼ੀਸਦ ਰਹੇਗਾ। ਜੇਕਰ ਇਨਫੈਕਟੇਡ ਅਤੇ ਅਨਇਨਫੈਕਟੇਡ ਸ਼ਖਸ, ਦੋਵਾਂ ਨੇ ਹੀ ਮਾਸਕ ਲਗਾਇਆ ਹੋਵੇ, ਤਾਂ ਇਨਫੈਕਸ਼ਨ ਦਾ ਖ਼ਤਰਾ ਘੱਟ ਕੇ 1.5 ਫ਼ੀਸਦ ਹੀ ਰਹੇਗਾ।
‘ਡਰ ਨਾ ਫੈਲਾਓ, ਇਸ ਨਾਲ ਹਾਲਾਤ ਹੋਰ ਵਿਗੜਨਗੇ’
ਇਸਦੇ ਨਾਲ ਹੀ ਡਾ. ਵੀ.ਕੇ. ਪੌਲ ਨੇ ਇਹ ਵੀ ਕਿਹਾ ਕਿ ਮਹਾਂਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ਨਾਲ ਫ਼ਾਇਦੇ ਦੀ ਥਾਂ ਨੁਕਸਾਨ ਹੀ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਭਾਰਤ ‘ਚ ਆਕਸੀਜ਼ਨ ਉਚਿਤ ਮਾਤਰਾ ‘ਚ ਉਪਲਬਧ ਹੈ, ਪਰ ਨਾਲ ਹੀ ਮੰਨਿਆ ਕਿ ਇਸ ਨੂੰ ਟਰਾਂਸਪੋਰਟ ਕਰਨਾ ਯਾਨੀ ਹਸਪਤਾਲਾਂ ‘ਚ ਪਹੁੰਚਾਉਣਾ ਇੱਕ ਵੱਡੀ ਚੁਣੌਤੀ ਹੈ।