Home Corona ਕਰਤਾਰਪੁਰ ਕੌਰੀਡੋਰ ਤੋਂ ਬਾਅਦ ਭਾਰਤ-ਪਾਕਿ ਵਿਚਾਲੇ 'ਆਕਸੀਜ਼ਨ ਕੌਰੀਡੋਰ' ਦੀ ਮੰਗ

ਕਰਤਾਰਪੁਰ ਕੌਰੀਡੋਰ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ‘ਆਕਸੀਜ਼ਨ ਕੌਰੀਡੋਰ’ ਦੀ ਮੰਗ

ਅੰਮ੍ਰਿਤਸਰ। ਦੇਸ਼ ‘ਚ ਕੋਰੋਨਾ ਨਾਲ ਮਚੇ ਹਾਹਾਕਾਰ ਵਿਚਾਲੇ ਆਕਸੀਜ਼ਨ ਸੰਕਟ ਲਗਾਤਾਰ ਇੱਕ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ। ਇਸ ਵਿਚਾਲੇ ਹੁਣ ਦੇਸ਼ ‘ਚ ਆਕਸੀਜ਼ਨ ਕੌਰੀਡੋਰ ਖੋਲ੍ਹੇ ਜਾਣ ਦੀ ਮੰਗ ਉਠੀ ਹੈ, ਜਿਸ ਨਾਲ ਪਾਕਿਸਤਾਨ ਤੋਂ ਜ਼ਰੂਰੀ ਮਦਦ ਲਈ ਜਾ ਸਕੇ। ਪਾਕਿਸਤਾਨ ਸਰਹੱਦ ਤੋਂ ਮਹਿਜ਼ ਕੁਝ ਹੀ ਦੂਰੀ ‘ਤੇ ਸਥਿਤ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਅੱਗੇ ਇਹ ਮੰਗ ਚੁੱਕੀ ਹੈ॥

ਪੀਐੱਮ ਨਰੇਂਦਰ ਮੋਦੀ ਨੂੰ ਲਿਖੇ ਪੱਤਰ ‘ਚ ਸਾਂਸਦ ਗੁਰਜੀਤ ਔਜਲਾ ਨੇ ਲਿਖਿਆ, “ਪਾਕਿਸਤਾਨ ਸਣੇ ਤਮਾਮ ਗੁਆੰਢੀ ਮੁਲਕਾਂ ਨੇ ਕੋਰੋਨਾ ਨਾਲ ਲੜਾਈ ‘ਚ ਭਾਰਤ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ, ਜਿਸਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਅਤੇ ਈਦੀ ਫਾਊਂਡੇਸ਼ਮ ਨੇ ਵੀ ਭਾਰਤ ਨੂੰ ਰਾਹਤ ਮਦਦ ਦੀ ਪੇਸ਼ਕਸ਼ ਕੀਤੀ ਹੈ।”

ਔਜਲਾ ਨੇ ਕਿਹਾ, “ਮੈਂ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦਾ ਹਾਂ, ਜੋ ਪਾਣੀਪਤ (ਜਿਥੇ ਆਕਸੀਜ਼ਨ ਪਲਾਂਟ ਮੌਜੂਦ ਹੈ) ਤੋਂ 350 ਕਿਲੋਮੀਟਰ ਦੀ ਦੂਰੀ ‘ਤੇ ਹੈ, ਜਦਕਿ ਲਾਹੌਰ ਤੋਂ 50 ਕਿਲੋਮੀਟਰ ਦੀ ਦੂਰੀ ‘ਤੇ ਹੈ। ਅੰਮ੍ਰਿਤਸਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਰੋਜ਼ਾਨਾ 30 ਟਨ ਆਕਸੀਜ਼ਨ ਦੀ ਲੋੜ ਹੁੰਦੀ ਹੈ, ਜਦਕਿ ਪੰਜਾਬ ਨੂੰ ਮਿਲਣ ਵਾਲੇ ਕੋਟੇ ਦੇ ਮੁਤਾਬਕ ਅੰਮ੍ਰਿਤਸਰ ਤੋਂ ਬੇਹੱਦ ਘੱਟ ਆਕਸੀਜ਼ਨ ਮਿਲਦੀ ਹੈ। ਇਸਦੇ ਨਾਲ ਹੀ ਪਾਣੀਪਤ ਤੋਂ ਆਉਣ ਵਾਲੀ ਆਕਸੀਜ਼ਨ ਟਰੱਕ-ਟੈਂਕਰ ਦੇ ਜ਼ਰੀਏ ਅੰਮ੍ਰਿਤਸਰ ਪਹੁੰਚਦੀ ਹੈ, ਜੋ ਸਪਲਾਈ ਦਾ ਭਰੋਸੇਮੰਦ ਸਿਸਟਮ ਨਹੀਂ ਹੈ, ਕਿਉਂਕਿ ਜੇਕਰ ਰਸਤੇ ‘ਚ ਕੋਈ ਦਿੱਕਤ ਆ ਜਾਵੇ, ਤਾਂ ਉਸਦੇ ਲਈ ਨਾ ਤਾਂ ਅਲੱਗ ਤੋਂ ਟਰੱਕ-ਟੈਂਕਰ ਉਪਲਬਧ ਹੈ ਤੇ ਨਾ ਹੀ ਇੰਨੀ ਮਾਤਰਾ ‘ਚ। ਅੰਮ੍ਰਿਤਸਰ ‘ਚ ਜਮ੍ਹਾਂ ਕਰਕੇ ਰੱਖੀ ਗਈ ਸਾਰੀ ਆਕਸੀਜ਼ਨ ਵੀ ਮੁੱਕ ਚੁੱਕੀ ਹੈ, ਜਿਸਦੇ ਚਲਦੇ ਹੁਣ ਅਸੀਂ ਟੈਂਕਰਾਂ ‘ਤੇ ਹੀ ਨਿਰਭਰ ਹਾਂ।”

ਮਾਨਸਿਕ ਤਣਾਅ ਘਟੇਗਾ- ਔਜਲਾ 

ਸਾਂਸਦ ਔਜਲਾ ਨੇ ਕਿਹਾ ਕਿ ਇਸ ਸਭ ਨੂੰ ਵੇਖਦੇ ਹੋਏ ਉਹ ਮੰਗ ਕਰਦੇ ਹਨ ਕਿ ਪ੍ਰਧਾਨ ਮੰਤਰੀ ਪਾਕਿਸਤਾਨ ਦੀ ਮਦਦ ਦੀ ਪੇਸ਼ਕਸ਼ ਸਵੀਕਾਰ ਕਰਨ, ਜਿਸ ਤਰ੍ਹਾਂ ਉਹਨਾਂ ਵੱਲੋਂ ਵੈਕਸੀਨੇਸ਼ਨ ਦੇ ਮਾਮਲੇ ‘ਚ ਸਾਰੇ ਦੇਸ਼ਾਂ ਦੀ ਮਦਦ ਕੀਤੀ ਗਈ ਹੈ। ਉਹਨਾਂ ਕਿਹਾ, “ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਕਸੀਜ਼ਨ ਦੀ ਖਰੀਦ ਅਤੇ ਟਰਾਂਸਪੋਰਟੇਸ਼ਨ ਲਈ ਇੰਤਜ਼ਾਮ ਕੀਤੇ ਜਾਣ। ਇਸ ਨਾਲ ਨਾ ਸਿਰਫ਼ ਸਾਡੇ ਪਲਾਂਟਸ ਅਤੇ ਟਰਾਂਸਪੋਰਟ ਸਿਸਟਮ ਤੋਂ ਦਬਾਅ ਘੱਟ ਹੋਵੇਗਾ, ਬਲਕਿ ਆਕਸੀਜ਼ਨ ਸੰਕਟ ਦੇ ਚਲਦੇ ਮਾਨਸਿਕ ਤਣਾਅ ਵੀ ਘਟੇਗਾ। ਪਾਕਿਸਤਾਨ ਤੋਂ ਮੰਗਵਾਈ ਆਕਸੀਜ਼ਨ ਗੁਰਦਾਸਪੁਰ, ਪਠਾਨਕੋਟ, ਬਠਿੰਡਾ, ਜਲੰਧਰ, ਤਰਨਤਾਰਨ ਸਣੇ ਪੰਜਾਬ ਦੇ ਹੋਰ ਜ਼ਿਲ੍ਹਿਆਂ ‘ਚ ਬੜੀ ਅਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ।”

Image

ਔਜਲਾ ਅੱਗੇ ਕਹਿੰਦੇ ਹਨ, “ਸਰ, ਮੈਂ ਸਿਆਸੀ ਅਤੇ ਕੂਟਨੀਤਕ ਮਾਮਲਿਆਂ ਤੋਂ ਜਾਣੂੰ ਹਾਂ, ਪਰ ਮਹਾਂਮਾਰੀ ਦੇ ਇਸ ਦੌਰ ‘ਚ ਸਾਰੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਸਾਂਝੇ ਦੁਸ਼ਮਣ ਨਾਲ ਲੜਨ ਦੀ ਜ਼ਰੂਰਤ ਹੈ।”

400ਵੇਂ ਪ੍ਰਕਾਸ਼ ਪੁਰਬ ਮੌਕੇ ਆਕਸੀਜ਼ਨ ਕੌਰੀਡੋਰ ਦੀ ਮੰਗ

ਗੁਰਜੀਤ ਔਜਲਾ ਨੇ ਇਸ ਪੂਰੇ ਮਾਮਲੇ ਨੂੰ ਸਿੱਖ ਭਾਵਨਾਵਾਂ ਨਾਲ ਜੋੜਦਿਆਂ ਆਕਸੀਜ਼ਨ ਕੌਰੀਡੋਰ ਦੀ ਮੰਗ ਕਰ ਦਿੱਤੀ। ਉਹਨਾਂ ਕਿਹਾ, “ਤੁਸਂੀਂ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੁਨੀਆ ਨੂੰ ਕਰਤਾਰਪੁਰ ਕੌਰੀਡੋਰ ਦੀ ਸੌਗਾਤ ਦਿੱਤੀ ਸੀ। ਹੁਣ ਜੇਕਰ ਆਕਸੀਜ਼ਨ ਕੌਰੀਡੋਰ ਬਣਦਾ ਹੈ, ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਇਨਸਾਨੀਅਤ ਨੂੰ ਬਹੁਤ ਵੱਡੀ ਸੌਗਾਤ ਵਜੋਂ ਸਿੱਧ ਹੋਵੇਗਾ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments