ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਲਗਾਤਾਰ ਵਿਗੜ ਰਹੇ ਹਨ। ਪਿਛਲੇ 2 ਮਹੀਨਿਆਂ ਤੋਂ ਸੂਬੇ ‘ਚ ਕੋਰੋਨਾ ਦੀ ਰਫ਼ਤਾਰ 10 ਗੁਣਾ ਵੱਧ ਚੁੱਕੀ ਹੈ। ਪੰਜਾਬ ਸਰਕਾਰ ਹਾਲਾਤ ‘ਤੇ ਕਾਬੂ ਪਾਉਣ ਲਈ ਨਵੀਆਂ-ਨਵੀਆਂ ਬੰਦਿਸ਼ਾਂ ਲਗਾ ਰਹੀ ਹੈ, ਪਰ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਲੱਗਦਾ ਹੈ ਕਿ ਇਸ ਪਿੱਛੇ ਸੂਬੇ ‘ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਇੱਕ ਵੱਡਾ ਕਾਰਨ ਹੈ। ਡਾ. ਹਰਸ਼ਵਰਧਨ ਹਾਲ ਹੀ ‘ਚ ਹੋਈਆਂ ਸਥਾਨਕ ਚੋਣਾਂ ਅਤੇ ਲਗਾਤਾਰ ਹੋ ਰਹੇ ਜਨਤੱਕ ਸਮਾਗਮਾਂ ਨੂੰ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਪਿੱਛੇ ਵੱਡਾ ਕਾਰਨ ਮੰਨਦੇ ਹਨ। ਕੋਰੋਨਾ ਸੰਕਟ ‘ਤੇ ਪੰਜਾਬ ਸਣੇ 11 ਸੂਬਿਆਂ ਨਾਲ ਹੋਈ ਬੈਠਕ ‘ਚ ਡਾ. ਹਰਸ਼ਵਰਧਨ ਨੇ ਇਹ ਬਿਆਨ ਦਿੱਤਾ।
ਕੀ ਬੰਗਾਲ ‘ਚ ਕੋਰੋਨਾ ਨਹੀਂ?- ਕਿਸਾਨ
ਕੇਂਦਰੀ ਸਿਹਤ ਮੰਤਰੀ ਦੇ ਬਿਆਨ ‘ਤੇ ਕਿਸਾਨ ਆਗੂਆਂ ਨੇ ਸਖਤ ਇਤਰਾਜ਼ ਜਤਾਇਆ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਜੇਕਰ ਸਾਡੇ ਧਰਨਿਆਂ ਨੂੰ ਇਸ ਮਹਾਂਮਾਰੀ ਦਾ ਕਾਰਨ ਮੰਨ ਰਹੀ ਹੈ, ਤਾਂ ਉਹ ਇਹ ਵੀ ਦੱਸੇ ਕਿ ਬੰਗਾਲ ‘ਚ ਕੀ ਹੋ ਰਿਹਾ ਹੈ, ਜਿਥੇ ਖੁਦ ਪੀਐੱਮ ਮੋਦੀ ਚੋਣ ਰੈਲੀਆਂ ਕਰ ਰਹੇ ਹਨ। ਪੰਧੇਰ ਮੁਤਾਬਕ, ਸਿਰਫ਼ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।