ਵਿਰਾਰ, ਮਹਾਂਰਾਸ਼ਟਰ। ਮਹਾਂਰਾਸ਼ਟਰ ਦੇ ਪਾਲਘਰ ‘ਚ ਵਿਜੇ ਵੱਲਭ ਕੋਵਿਡ ਕੇਅਰ ਸੈਂਟਰ ਦੇ ICU ‘ਚ ਅੱਗ ਲੱਗਣ ਕਾਰਨ 14 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ 4 ਮਹਿਲਾਵਾਂ ਵੀ ਸ਼ਾਮਲ ਹਨ। ਹਾਦਸੇ ਵੇਲੇ ICU ‘ਚ 15 ਅਤੇ ਪੂਰੇ ਹਸਪਤਾਲ ‘ਚ 90 ਮਰੀਜ਼ ਭਰਤੀ ਸਨ। ਹਾਦਸਾ ਸ਼ੁੱਕਰਵਾਰ ਨੂੰ ਤੜਕ ਸਵੇਰੇ 3 ਵੱਜ ਕੇ 25 ਮਿੰਟ ‘ਤੇ ਵਾਪਰਿਆ। ਜਾਣਕਾਰੀ ਮੁਤਾਬਕ, AC ‘ਚ ਸ਼ਾਰਟ ਸਰਕਿਟ ਹੋਣ ਦੇ ਚਲਦੇ ਅੱਗ ਲੱਗੀ ਸੀ। ਮੁੱਖ ਮੰਤਰੀ ਉੱਧਵ ਠਾਕਰੇ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
PM ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰਾਰ ਦੀ ਘਟਨਾ ‘ਤੇ ਦੁੱਖ ਜਤਾਇਆ ਹੈ। ਉਹਨਾਂ ਕਿਹਾ ਕਿ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕਾਂ ਪ੍ਰਤੀ ਮੇਰੇ ਦਿਲ ‘ਚ ਹਮਦਰਦੀ ਹੈ। ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
The fire at a COVID-19 hospital in Virar is tragic. Condolences to those who lost their loved ones. May the injured recover soon: PM @narendramodi
— PMO India (@PMOIndia) April 23, 2021
ਆਰਥਿਕ ਮਦਦ ਦਾ ਐਲਾਨ
ਪ੍ਰਧਾਨ ਮੰਤਰੀ ਰਿਲੀਫ਼ ਫੰਡ ਤੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਦਿੱਤੇ ਜਾਣਗੇ। ਮਹਾਂਰਾਸ਼ਟਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।
2 ਦਿਨ ਪਹਿਲਾਂ ਨਾਸਿਕ ‘ਚ ਵਾਪਰਿਆ ਸੀ ਹਾਦਸਾ
ਮਹਾਂਰਾਸ਼ਟਰ ਦੇ ਨਾਸਿਕ ‘ਚ ਬੁੱਧਵਾਰ ਨੂੰ ਸਰਕਾਰੀ ਹਸਪਤਾਲ ‘ਚ ਵੱਡਾ ਹਾਦਸਾ ਵਾਪਰਿਆ ਸੀ। ਇਥੇ ਨਗਰ ਨਿਗਮ ਦੇ ਜ਼ਾਕਿਰ ਹੁਸੈਨ ਹਸਪਤਾਲ ‘ਚ ਆਕਸੀਜ਼ਨ ਟੈਂਕਰ ਲੀਕ ਹੋ ਗਿਆ ਸੀ। ਇਸ ਟੈਂਕਰ ਨੂੰ ਰਿਪੇਅਰ ਕਰਨ ‘ਚ 30 ਮਿੰਟਾਂ ਦਾ ਸਮਾਂ ਲੱਗਿਆ, ਪਰ ਇੰਨਾ ਸਮਾਂ ਆਕਸੀਜ਼ਨ ਸਪਲਾਈ ਰੁਕੀ ਰਹੀ। ਇਸਦੇ ਚਲਦੇ 24 ਮਰੀਜ਼ਾਂ ਦੀ ਮੌਤ ਹੋ ਗਈ ਸੀ।