ਜੀਂਦ। ਦੇਸ਼ ‘ਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ‘ਤੇ ਹੈ, ਪਰ ਇਸ ਵਿਚਾਲੇ ਹਰਿਆਣਾ ਦੇ ਜੀਂਦ ਤੋਂ ਇੱਕ ਬੇਹੱਦ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਿਵਲ ਹਸਪਤਾਲ ਤੋਂ ਕੋਰੋਨਾ ਵੈਕਸੀਨ ਦੀ ਡੋਜ਼ ਚੋਰੀ ਹੋ ਗਈਆਂ। ਖ਼ਬਰ ਫੈਲਦੇ ਹੀ ਹਸਪਤਾਲ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ।
ਅਜੇ ਪੁਲਿਸ ਵੈਕਸੀਨੇਸ਼ਨ ਦੀ ਤਲਾਸ਼ ‘ਚ ਹੀ ਜੁਟੀ ਸੀ ਕਿ ਸਿਵਲ ਲਾਈਨ ਥਾਣੇ ਦੇ ਸਾਹਮਣੇ ਚਾਹ ਦੀ ਦੁਕਾਨ ‘ਤੇ ਇੱਕ ਪਲਾਸਟਿਕ ਬੈਗ ‘ਚ 622 ਡੋਜ਼ ਮਿਲ ਗਈਆਂ। ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਇਹ ਓਹੀ ਵੈਕਸੀਨ ਹੈ, ਜੋ ਜੀਂਦ ਦੇ ਹਸਪਤਾਲ ਤੋਂ ਚੋਰੀ ਹੋਈ ਸੀ। ਚੋਰ ਨੇ ਇਸਦੇ ਨਾਲ ਇੱਕ ਨੋਟ ਵੀ ਲਿਖ ਕੇ ਰੱਖਿਆ ਸੀ, ਜਿਸ ‘ਚ ਲਿਖਿਆ ਸੀ- “ਮੈਨੂੰ ਮੁਆਫ਼ ਕਰ ਦਿਓ। ਪਤਾ ਨਹੀਂ ਸੀ ਕਿ ਇਸ ‘ਚ ਕੋਰੋਨਾ ਦੀ ਦਵਾਈ ਹੈ।”
ਇਸ ਅਜੀਬੋ-ਗਰੀਬ ਘਟਨਾ ਦੀ ਪੂਰੇ ਇਲਾਕੇ ‘ਚ ਜੰਮ ਕੇ ਚਰਚਾ ਹੋ ਰਹੀ ਹੈ। ਹਾਲਾਂਕਿ ਵੈਕਸੀਨ ਦੀ 1000 ਤੋਂ ਵੱਧ ਡੋਜ਼ ਹਾਲੇ ਵੀ ਨਹੀਂ ਮਿਲੀਆਂ ਹਨ। ਪੁਲਿਸ ਮੁਲਜ਼ਮ ਦਾ ਪਤਾ ਲਗਾਉਣ ‘ਚ ਜੁਟੀ ਹੈ।