ਨਵੀਂ ਦਿੱਲੀ। ਪੂਰਾ ਦੇਸ਼ ਕੋਰੋਨਾ ਦੇ ਕਹਿਰ ਨਾਲ ਬੇਹਾਲ ਹੈ। ਆਕਸੀਜ਼ਨ ਦੀ ਕਮੀ ਨਾਲ ਹਾਲਾਤ ਹੋਰ ਵੀ ਡਰਾਉਣੇ ਹੁੰਦੇ ਜਾ ਰਹੇ ਹਨ। ਵੈਸੇ ਤਾਂ ਆਕਸੀਜ਼ਨ ਦੀ ਕਮੀ ਨਾਲ ਪੂਰਾ ਦੇਸ਼ ਤੜਪ ਰਿਹਾ ਹੈ, ਪਰ ਦਿੱਲੀ ‘ਚ ਹਾਲਾਤ ਬੇਹੱਦ ਗੰਭੀਰ ਹਨ। ਆਕਸੀਜ਼ਨ ਸੰਕਟ ‘ਤੇ ਦਿੱਲੀ ਹਾਈਕੋਰਟ ‘ਚ ਮੰਗਲਵਾਰ ਨੂੰ ਮੁੜ ਸੁਣਵਾਈ ਹੋਈ। ਕੋਰਟ ਨੇ ਇੱਕ ਵਾਰ ਫਿਰ ਆਕਸੀਜ਼ਨ ਦੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਝਾੜ ਪਾਈ ਅਤੇ ਸਖਤ ਲਹਿਜ਼ੇ ‘ਚ ਕਿਹਾ, “ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਨਹੀਂ।”
ਨਹੀਂ ਸੰਭਾਲ ਸਕਦੇ, ਤਾਂ ਛੱਡ ਦਿਓ- HC
ਦਿੱਲੀ ਹਾਈਕੋਰਟ ਨੇ ਕੇਂਦਰ ਨੂੰ ਕਿਹਾ, “ਅੱਜ ਪੂਰਾ ਦੇਸ਼ ਆਕਸੀਜ਼ਨ ਲਈ ਰੋ ਰਿਹਾ ਹੈ। ਜੇਕਰ ਤੁਹਾਡੇ ਤੋਂ ਆਕਸੀਜ਼ਨ ਸਪਲਾਈ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਤਾਂ ਤੁਸੀਂ IIT ਜਾਂ IIM ਨੂੰ ਜ਼ਿੰਮੇਵਾਰੀ ਕਿਉਂ ਨਹੀਂ ਸੌੰਪ ਦਿੰਦੇ। ਉਹ ਤੁਹਾਡੇ ਨਾਲੋਂ ਬਿਹਤਰ ਕੰਮ ਕਰਨਗੇ।”
ਅਜਿਹਾ ਨਾ ਹੋਇਆ, ਤਾਂ ਇਹ ਉਲੰਘਣਾ ਹੋਵੇਗੀ- HC
ਹਾਈਕੋਰਟ ਨੇ ਕੇਂਦਰ ਨੂੰ ਕਿਹਾ, “ਸੁਪਰੀਮ ਕੋਰਟ ਨੇ ਤੁਹਾਨੂੰ 700 ਮੀਟ੍ਰਿਕ ਟਨ ਆਕਸੀਜ਼ਨ ਦੀ ਸਪਲਾਈ ਦਿੱਲੀ ਨੂੰ ਕਰਨ ਲਈ ਕਿਹਾ ਹੈ। ਜੇਕਰ ਤੁਸੀਂ ਇਹ ਸਪਲਾਈ ਨਹੀਂ ਕਰਦੇ ਹੋ, ਤਾਂ ਕੋਰਟ ਦੀ ਉਲੰਘਣਾ ਹੋਵੇਗੀ। ਹੁਣ ਇਹ ਤੁਹਾਡਾ ਕੰਮ ਹੈ। ਟੈਂਕਰ ਉਪਲੱਬਧ ਹਨ, ਪਰ ਤੁਸੀਂ ਇਹ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੋ।” ਨਾਲ ਹੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਮਹਾਂਰਾਸ਼ਟਰ ‘ਚ ਇਸ ਵੇਲੇ ਆਕਸੀਜ਼ਨ ਦੀ ਖਪਤ ਘੱਟ ਹੈ, ਤਾਂ ਉਥੋਂ ਕੁਝ ਟੈਂਕਰ ਦਿੱਲੀ ਮੰਗਵਾਏ ਜਾ ਸਕਦੇ ਹਨ।