ਚੰਡੀਗੜ੍ਹ। ਪੰਜਾਬ ਨੇ ਅਪ੍ਰੈਲ 2021 ਦੇ ਮਹੀਨੇ ਦੌਰਾਨ GST ਰਾਹੀਂ 1481.83 ਕਰੋੜ ਰੁਪਏ ਦਾ ਮਾਲੀਆ ਕਮਾਇਆ ਹੈ, ਜੋ ਕਿ GST ਲਾਗੂ ਹੋਣ (ਜੁਲਾਈ, 2017) ਤੋਂ ਬਾਅਦ ਹੁਣ ਤੱਕ ਕਿਸੇ ਵੀ ਮਹੀਨੇ ਵਿੱਚ GST ਤੋਂ ਉਗਰਾਹੇ ਮਾਲੀਏ ਦੀ ਸਭ ਤੋਂ ਵੱਡੀ ਰਾਸ਼ੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰ ਕਮਿਸ਼ਨਰ ਦਫ਼ਤਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੁਲਾਈ, 2019 ਦੌਰਾਨ GST ਤੋਂ ਸਭ ਤੋਂ ਵੱਧ 1216 ਕਰੋੜ ਰੁਪਏ ਮਹੀਨਾਵਾਰ ਮਾਲੀਆ ਕਮਾਇਆ ਗਿਆ ਸੀ, ਜਦੋਂਕਿ ਅਪ੍ਰੈਲ, 2020 ਵਿੱਚ GST ਤੋਂ ਸਿਰਫ 156 ਕਰੋੜ ਪ੍ਰਾਪਤ ਹੋਏ ਸਨ। ਬੁਲਾਰੇ ਨੇ ਦੱਸਿਆ ਕਿ ਇਹ ਘੱਟ ਉਗਰਾਹੀ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਫਰਵਰੀ, ਮਾਰਚ ਅਤੇ ਅਪ੍ਰੈਲ, 2020 ਦੇ ਮਹੀਨਿਆਂ ਵਿੱਚ ਕੋਵਿਡ-19 ਅਤੇ 23 ਮਾਰਚ, 2020 ਤੋਂ ਤਾਲਾਬੰਦੀ ਕਾਰਨ ਦੇਸ਼ ਵਿੱਚ ਟੈਕਸ ਦੀ ਰਿਟਰਨ ਭਰਨ ਵਿੱਚ ਦਿੱਤੀ ਰਾਹਤ ਕਾਰਨ ਹੋਈ ਸੀ।
ਦੱਸਣਯੋਗ ਹੈ ਕਿ ਅਪ੍ਰੈਲ, 2019 ਦੌਰਾਨ ਜੋ ਕਿ ਇੱਕ ਆਮ ਵਰ੍ਹਾ ਸੀ, ਸੂਬੇ ਨੂੰ GST ਤੋਂ 1087.55 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਅਪ੍ਰੈਲ, 2019 ਦੌਰਾਨ ਦੇ ਮੁਕਾਬਲੇ ਪੰਜਾਬ ਦਾ ਇਸ ਵਰ੍ਹੇ ਦਾ ਮਾਲੀਆ 36 ਫੀਸਦੀ ਵਧਿਆ ਹੈ। ਜਿਸ ਵਿੱਚ ਟੈਲੀਕਾਮ, ਆਇਰਨ ਅਤੇ ਸਟੀਲ, ਇਲੈਕਟ੍ਰਾਨਿਕ ਸਮਾਨ, ਸੀਮਿੰਟ, ਪੈਟਰੋਲੀਅਮ ਉਤਪਾਦ (ਜੋ GST ਵਿੱਚ ਸ਼ਾਮਿਲ ਹਨ) ਵਰਗੇ ਖੇਤਰਾਂ ਨੇ ਅਹਿਮ ਭੂਮਿਕਾ ਨਿਭਾਈ।
ਇਸ ਦੌਰਾਨ ਪੰਜਾਬ ਦੇ ਟੈਕਸ ਦੇਣ ਵਾਲਿਆਂ ਨੇ 1924.10 ਕਰੋੜ ਰੁਪਏ ਦਾ GST ਨਕਦ ਅਦਾ ਕੀਤਾ ਹੈ, ਜੋ ਕਿ ਇਕ ਹੋਰ ਇਤਿਹਾਸਕ ਤੱਥ ਹੈ ਕਿਉਂਕਿ GST ਦੇ ਲਾਗੂ ਹੋਣ ਤੋਂ ਬਾਅਦ ਇਹ ਰਾਜ ਨੂੰ ਮਹੀਨਾਵਾਰ ਇਕੱਤਰ ਹੋਈ ਸਭ ਤੋਂ ਵੱਡੀ ਰਾਸ਼ੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਰਾਸ਼ੀ ਨਵੰਬਰ, 2020 ਦੇ ਮਹੀਨੇ ਵਿਚ ਪ੍ਰਾਪਤ ਹੋਈ ਸੀ ਜੋ 1396 ਕਰੋੜ ਰੁਪਏ ਸੀ।
GST ਤੋਂ ਇਲਾਵਾ ਪੰਜਾਬ, ਵੈਟ ਅਤੇ CST ਤੋਂ ਵੀ ਮਾਲੀਆ ਇਕੱਠਾ ਕਰਦਾ ਹੈ, ਜਿਸ ਵਿੱਚ ਮਨੁੱਖੀ ਖਪਤ ਵਾਲੀ ਸ਼ਰਾਬ ਅਤੇ 5 ਪੈਟਰੋਲੀਅਮ ਉਤਪਾਦ ਜੋ GST ਦੇ ਦਾਇਰੇ ਤੋਂ ਬਾਹਰ ਹਨ, ਦਾ ਵੀ ਵੱਡਾ ਯੋਗਦਾਨ ਹੈ। ਅਪ੍ਰੈਲ, 2021 ਦੇ ਮਹੀਨੇ ਲਈ ਕੁੱਲ ਵੈਟ ਅਤੇ CST ਕੁਲੈਕਸ਼ਨ 701.13 ਕਰੋੜ ਰੁਪਏ ਹੈ, ਜਦਕਿ ਸਾਲ 2019 ਵਿੱਚ ਇਸੇ ਮਹੀਨੇ ਵਿੱਚ ਇਹ ਰਾਸ਼ੀ 430.82 ਕਰੋੜ ਰੁਪਏ ਸੀ, ਜੋ ਕਿ ਲਗਭਗ 63% ਦੀ ਵਾਧਾ ਦਰ ਦਰਸਾਉਂਦੀ ਹੈ। ਪੰਜਾਬ ਰਾਜ ਵਿਕਾਸ ਟੈਕਸ (ਐੱਸ.ਪੀ.ਐੱਸ.ਟੀ.) ਦੀ ਉਗਰਾਹੀ ਸਥਿਰ ਹੈ, ਕਿਉਂਕਿ ਸਾਲ 2019 ਵਿੱਚ ਅਪ੍ਰੈਲ ਮਹੀਨੇ ਦੀ 13.86 ਕਰੋੜ ਦੇ ਮੁਕਾਬਲੇ ਅਪ੍ਰੈਲ 2021 ਵਿੱਚ ਰਾਜ ਨੇ ਪੀ.ਐੱਸ.ਡੀ.ਟੀ. ਦੇ 13.83 ਕਰੋੜ ਰੁਪਏ ਕਮਾਏ ਸਨ।