ਬਿਓਰੋ। ਕੋਟਕਪੂਰਾ ਗੋਲੀ ਕਾਂਡ ‘ਤੇ ਹਾਈਕੋਰਟ ਦੇ ਫ਼ੈਸਲੇ ਦੇ ਬਾਅਦ ਤੋਂ ਪੰਜਾਬ ਦੀ ਿਸਆਸਤ ‘ਚ ਮਚੇ ਭੂਚਾਲ ਵਿਚਾਲੇ ਹੁਣ ਇੱਕ ਨਵੀਂ ਡਿਮਾਂਡ ਸਾਹਮਣੇ ਆਈ ਹੈ। ਇਹ ਡਿਮਾਂਡ ਸੱਤਾ ਧਿਰ ਕਾਂਗਰਸ ਦੇ ਹੀ ਆਗੂ ਅਤੇ ਸੂਬੇ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕੀਤੀ ਹੈ। ਸਿੱਧੂ ਨੇ ਬੇਅਦਬੀ ਕਾਂਡ ‘ਤੇ SIT ਦੀ ਜਾਂਚ ਰਿਪੋਰਟ ਜਨਤੱਕ ਕੀਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਰਣਜੀਤ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ‘ਚ ਜਨਤੱਕ ਹੋਈ ਸੀ, ਠੀਕ ਉਸੇ ਤਰ੍ਹਾਂ ਡਰੱਗਜ਼ ਕੇਸ ਅਤੇ ਬੇਅਦਬੀ ਕੇਸ ‘ਚ SIT ਦੀ ਜਾਂਚ ਜਨਤੱਕ ਹੋਣੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ ਵਿਸਾਖੀ ਮੌਕੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣ ਲਈ ਪਹੁੰਚੇ ਸਨ। ਇਹ ਓਹੀ ਗੁਰਦੁਆਰਾ ਸਾਹਿਬ ਹੈ, ਜਿਥੋਂ ਸਾਲ 2015 ‘ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ। ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਉਹ ਸੱਚ ਦੀ ਅਵਾਜ਼ ਬੁਲੰਦ ਕਰਨ ਆਏ ਹਨ।
‘ਵਕੀਲ ਤੇ ਤੱਥ ਦੋਵੇਂ ਕਮਜ਼ੋਰ ਸਨ’
ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦਿਆਂ ਨਵਜੋਤ ਸਿੱਧੂ ਨੇ ਕਿਹਾ, “ਕਾਨੂੰਨ ਹਮੇਸ਼ਾ ਤੱਥਾਂ ਦੇ ਅਧਾਰ ‘ਤੇ ਫ਼ੈਸਲੇ ਕਰਦਾ ਹੈ। ਪਰ ਜਦੋਂ ਤੱਥ ਹੀ ਕਮਜ਼ੋਰ ਹੋਣ ਤੇ ਤੱਖ ਪੇਸ਼ ਕਰਨ ਵਾਲੇ ਵੀ ਕਮਜ਼ੋਰ ਹੋਣ, ਤਾਂ ਫ਼ੈਸਲੇ ਇਸੇ ਤਰ੍ਹਾਂ ਦੇ ਹੁੰਦੇ ਹਨ, ਜਿਸ ਤਰ੍ਹਾਂ ਦਾ ਹਾਈਕੋਰਟ ਨੇ ਦਿੱਤਾ। ਅੱਜ ਪੂਰਾ ਪੰਜਾਬ ਪੁੱਛ ਰਿਹਾ ਹੈ ਕਿ ਹਾਈਕੋਰਟ ‘ਚ ਵਕੀਲ ਕਮਜ਼ੋਰ ਕਿਉਂ ਭੇਜਿਆ ਗਿਆ। ਸਭ ਤੋਂ ਵੱਡੇ ਵਕੀਲ ਖੜ੍ਹੇ ਕਿਉਂ ਨਹੀਂ ਕੀਤੇ ਗਏ।”
ਅਸਲ ਦੋਸ਼ੀ ਮਹਿਫ਼ੂਜ਼ ਰੱਖ ਪਿਆਦਿਆਂ ‘ਤੇ ਵਾਰ
ਨਵਜੋਤ ਸਿੱਧੂ ਨੇ ਇਸ ਪੂਰੇ ਮਾਮਲੇ ਨੂੰ ਸ਼ਤਰੰਜ ਦੀ ਬਿਸਾਤ ਕਰਾਰ ਦਿੰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਰਾਜਾ ਤੇ ਵਜ਼ੀਰ ਸਨ, ਜਦਕਿ ਉਹਨਾਂ ਦੀ ਕਿਲਾਬੰਦੀ ਕਰ ਮਹਿਫੂਜ਼ ਰੱਖਿਆ ਗਿਆ ਹੈ। ਸਿੱਧੂ ਨੇ ਕਿਹਾ, “ਵਾਰ ਸਿਰਫ਼ ਪਿਆਦਿਆਂ ‘ਤੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਜਾ ਰਿਹਾ ਹੈ।”
ਸ਼ਹੀਦ ਊਧਮ ਸਿੰਘ ਤੋਂ ਸਿੱਖਣ ਦੀ ਲੋੜ
ਨਵਜੋਤ ਸਿੱਧੂ ਨੇ ਜਲ੍ਹਿਆਵਾਂਲਾ ਬਾਗ ਦੇ ਸਾਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਸ਼ਹੀਦ ਊਧਮ ਸਿੰਘ ਨੇ ਮਾਸੂਮਾਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ, ਉਸ ਵੇਲੇ ਉਹਨਾਂ ਗੋਲੀ ਜਨਰਲ ਐਡਵਾਇਰ ‘ਤੇ ਚਲਾਈ ਸੀ, ਕਿਉਂਕਿ ਉਸਨੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ। ਇਸੇ ਤਰ੍ਹਾਂ ਇਥੇ ਵੀ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਨੂੰ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਭ ਤੋਂ ਵੱਡਾ ਗੁਨਾਹਗਾਰ ਹੈ।
‘ਅਰਸੇ ਤੋਂ ਇਨਸਾਫ਼ ਦੀ ਉਡੀਕ’
ਸਿੱਧੂ ਨੇ ਕਿਹਾ ਕਿ ਜੂਨ 2015 ‘ ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਏ ਸਨ, ਜਿਸ ਨੂੰ ਹੁਣ 6 ਸਾਲ ਪੂਰੇ ਹੋਣ ਵਾਲੇ ਹਨ। ਪਰ ਇੰਨੇ ਸਮੇਂ ‘ਚ ਵੀ ਪੰਜਾਬ ਨੂੰ ਇਨਸਾਫ਼ ਨਹੀਂ ਮਿਲਿਆ। ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕਾਬਲੀਅਤ ‘ਤੇ ਉਹਨਾਂ ਨੂੰ ਕੋਈ ਸ਼ੱਕ ਨਹੀਂ, ਪਰ ਪੁਲਿਸ ਦੀ ਕਾਬਲੀਅਤ ਦਾ ਫ਼ਾਇਦਾ ਵੀ ਤਾਂ ਹੀ ਲਿਆ ਜਾ ਸਕਦਾ ਹੈ, ਜੇਕਰ ਸਰਕਾਰ ਚਾਹੇ। ਕਿਉਂਕਿ ਜਿਥੇ ਚਾਹ ਹੁੰਦੀ ਹੈ, ਉਥੇ ਹੀ ਰਾਹ ਹੁੰਦੀ ਹੈ।
ਸਿੱਧੂ ਦਾ ਪੂਰਾ ਬਿਆਨ ਇਥੇ ਸੁਣ ਸਕਦੇ ਹੋ:-