ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਨੇ ਕੁਝ ਸਖਤ ਪਾਬੰਦੀਆਂ ਲਗਾਈਆਂ ਹਨ, ਜਿਹਨਾਂ ‘ਚ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨਾ ਖੋਲ੍ਹੇ ਜਾਣ ਦੀ ਪਾਬੰਦੀ ਵੀ ਸ਼ਾਮਲ ਹੈ। ਹਾਲਾਂਕਿ ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਕਈ ਵਪਾਰੀਆਂ ‘ਚ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਸੀ, ਜਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਹੁਣ ਸਰਕਾਰ ਨੇ ਉਹਨਾਂ ਦੁਕਾਨਾਂ ਦੀ ਡਿਟੇਲ ਸਾਂਝੀ ਕੀਤੀ ਹੈ, ਜੋ ਇਸ ਮਿਨੀ ਲਾਕਡਾਊਨ ‘ਚ ਆਪਣੀਆਂ ਦੁਕਾਨਾਂ ਪਹਿਲਾਂ ਵਾਂਗ ਹੀ ਜਾਰੀ ਰੱਖ ਸਕਦੇ ਹਨ।
ਸਰਕਾਰ ਵੱਲੋਂ ਜਾਰੀ ਕੀਤੀ ਗਈ ਦੁਕਾਨਾਂ ਦੀ ਸੂਚੀ ‘ਚ ਹੇਠ ਲਿਖੀਆਂ ਦੁਕਾਨਾਂ ਨੂੰ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ:-
- ਪੂਰੇ ਸੂਬੇ ‘ਚ ਦੁੱਧ, ਸਬਜ਼ੀ, ਫਲ, ਡੇਅਰੀ, ਪੋਲਟਰੀ, ਫਿਸ਼, ਮੀਟ, ਮੋਬਾਈਲ-ਲੈਪਟਾਪ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
- ਕਿਰਾਨਾ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।
- ਖੇਤੀ ਨਾਲ ਜੁੜੇ ਪ੍ਰੋਡਕਟ ਜਿਵੇਂ ਕੀਟਨਾਸ਼ਕ, ਬੀਜ, ਮਸ਼ੀਨਰੀ ਆਦਿ ਨਾਲ ਸਬੰਧਤ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੈ।
- ਆਟੋ-ਮੋਬਾਈਲ ਪਾਰਟਸ ਜਾਂ ਰਿਪੇਅਰ ਦੀਆਂ ਦੁਕਾਨਾਂ, ਟਰੱਕਾਂ ਦੀ ਵਰਕਸ਼ਾਪ, ਹਾਰਡਵੇਅਰ ਸਟੋਰ, ਪਲੰਬਿੰਗ ਸਟੋਰ, ਇਲੈਕਟ੍ਰਿਕ ਸਾਮਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।