ਚੰਡੀਗੜ੍ਹ। ਪੰਜਾਬ ਵਿੱਚ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿਚ ਹੁਣ ਤੱਕ ਕਣਕ ਦੀ ਕੁੱਲ ਆਮਦ ਵਿੱਚੋਂ 93 ਫੀਸਦੀ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਵਧਦੇ ਕੋਰੋਨਾ ਕੇਸਾਂ ਵਿਚਾਲੇ ਕਣਕ ਦੀ ਖਰੀਦ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰ ਰਹੇ ਸਨ।
ਮੁੱਖ ਸਕੱਤਰ ਨੇ ਦੱੱਸਿਆ ਕਿ ਮੰਡੀਆਂ ਵਿਚ 76.32 ਲੱਖ ਮੀਟਰਕ ਟਨ ਵਿੱਚੋਂ 71.48 ਲੱਖ ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ, ਜੋ ਕੁਲ਼ ਆਮਦ ਦਾ 93 ਫੀਸਦੀ ਤੋਂ ਵੱਧ ਬਣਦਾ ਹੈ। ਬਾਵਜੂਦ ਇਸਦੇ ਕਿ ਪਿਛਲੇ ਸਾਲ ਦੇ ਅੱਜ ਤੱਕ ਦੇ ਮੁਕਾਬਲੇ 300 ਫੀਸਦੀ ਵੱਧ ਕਣਕ ਮੰਡੀਆਂ ਵਿਚ ਪਹੁੰਚੀ ਹੈ। ਪਿਛਲੇ ਹਾੜੀ ਮੰਡੀਕਰਨ ਸੀਜਨ ਦੇ ਇਸ ਸਮੇਂ ਦੌਰਾਨ 29.32 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿੱਚੋਂ 27.32 ਲੱਖ ਮੀਟਰਕ ਟਨ ਦੀ ਖਰੀਦੀ ਕੀਤੀ ਗਈ ਸੀ।
ਕਿਸਾਨਾਂ ਨੂੰ 7594 ਕਰੋੜ ਦੀ ਸਿੱਧੀ ਅਦਾਇਗੀ
ਮੰਡੀਆਂ ‘ਚ ਆਪਣੀ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਭਉਗਤਾਨ ਉਹਨਾਂ ਦੇ ਖਾਤੇ ‘ਚ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਦਾਅਵ ਹੈ ਕਿ ਹੁਣ ਤੱਕ 7,594 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮੁੱਖ ਸਕੱਤਰ ਮੁਤਾਬਕ, ਸੂਬਾ ਸਰਕਾਰ ਨੇ ਮੰਡੀਆਂ ਵਿਚ ‘ਕਿਸਾਨ ਸਹਾਇਤਾ ਡੈਸਕ’ ਪਹਿਲਾਂ ਹੀ ਸਥਾਪਤ ਕਰ ਦਿੱਤੇ ਹਨ ਜਿੱਥੇ ਮੰਡੀ ਬੋਰਡ ਦੇ ਮੁਲਾਜਮ ਅਤੇ ਆਈ.ਟੀ. ਪੇਸ਼ੇਵਾਰ ਕੇਂਦਰ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ ਉਤੇ ਰਜਿਸਟਰ ਹੋਣ ਵਿਚ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਦੀ ਸਕੀਮ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਦਾ ਭੁਗਤਾਨ ਕੀਤਾ ਜਾ ਸਕੇ। ਇਸ ਨਾਲ ਹੁਣ ਤੱਕ ਸੂਬੇ ਵਿਚ 10 ਲੱਖ ਕਿਸਾਨਾਂ ਵਿੱਚੋਂ ਲਗਪਗ 7 ਲੱਖ ਕਿਸਾਨ ਆਪਣੇ ਦਸਤਾਵੇਜ ਇਸ ਪੋਰਟਲ ਉਤੇ ਅਪਲੋਡ ਕਰ ਚੁੱਕੇ ਹਨ।