ਬਿਓਰੋ। ਸੋਮਵਾਰ ਨੂੰ ਭਾਰਤ ਤੋਂ 1100 ਸਿੱਖ ਸ਼ਰਧਾਲੂਆਂ ਦਾ ਜੱਥਾ ਵਿਸਾਖੀ ਮਨਾਉਣ ਲਈ ਪਾਕਿਸਤਾਨ ਜਾ ਰਿਹਾ ਹੈ। ਭਾਰਤੀਆਂ ਦੇ ਇਸ ਦੌਰੇ ਦਾ ਅਸਰ ਪਾਕਿਸਤਾਨ ‘ਚ ਵੱਸਦੀ ਸਿੱਖ ਸੰਗਤ ‘ਤੇ ਪੈਣ ਵਾਲਾ ਹੈ, ਕਿਉਂਕਿ ਉਹਨਾਂ ਨੂੰ ਵਿਸਾਖੀ ਦਾ ਤਿਓਹਾਰ ਆਪਣੇ ਘਰਾਂ ‘ਚ ਹੀ ਮਨਾਉਣਾ ਪਏਗਾ। ਦਰਅਸਲ, ਕੋਰੋਨਾ ਦੇ ਚਲਦੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪੰਜਾ ਸਾਹਿਬ ‘ਚ ਪਾਕਿਸਤਾਨੀ ਨਾਗਰਿਕਾਂ ਦੀ ਗੁਰਦੁਆਰੇ ‘ਚ ਐਂਟਰੀ ਬੈਨ ਕਰ ਦਿੱਤੀ ਹੈ।
PSGPC ਵੱਲੋਂ ਜਾਰੀ ਬਿਆਨ ਮੁਤਾਬਕ, ਭਾਰਤੀ ਮਹਿਮਾਨਾਂ ਦੇ ਪਾਕਿਸਤਾਨ ‘ਚ ਰੁਕਣ ਤੱਕ ਗੁਰਦੁਆਰਾ ਪੰਜਾ ਸਾਹਿਬ ‘ਚ ਕਿਸੇ ਵੀ ਸਿੱਖ, ਹਿੰਦੂ, ਇਸਾਈ ਜਾਂ ਮੁਸਲਮਾਨ ਨੂੰ ਗੁਰਦੁਆਰੇ ‘ਚ ਐਂਟਰੀ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਗੁਰਦੁਆਰਾ ਸਾਹਿਬ ਪਹੁੰਚਦਾ ਹੈ, ਤਾਂ ਵੀ ਉਸ ਨੂੰ ਅੰਦਰ ਜਾ ਕੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਹੋਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਆਉਣ ਦੀ ਬਜਾਏ ਆਪਣੇ ਘਰ ‘ਚ ਹੀ ਅਰਦਾਸ ਕਰਨ।
ਦੱਸ ਦਈਏ ਕਿ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਸੋਮਵਾਰ ਯਾਨੀ 12 ਅਪ੍ਰੈਲ ਨੂੰ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ 22 ਅਪ੍ਰੈਲ ਨੂੰ ਜੱਥੇ ਦੀ ਵਾਪਸੀ ਹੋਵੇਗੀ।
ਅਜਿਹਾ ਹੋਵੇਗਾ ਪ੍ਰੋਗਰਾਮ ਦਾ ਸ਼ੈਡਿਊਲ
- ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਯਾਤਰਾ ਦਾ ਜੋ ਬਿਓਰਾ ਭੇਜਿਆ ਗਿਆ ਹੈ, ਉਸ ਮੁਤਾਬਕ ਜੱਥਾ 12 ਅਪ੍ਰੈਲ ਨੂੰ ਪੈਦਲ ਹੀ ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ‘ਚ ਦਾਖਲ ਹੋਵੇਗਾ। ਉਥੋਂ ਅੱਗੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਵੇਗਾ।
- 13 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਰੁਕੇਗਾ ਅਤੇ ਉਥੋਂ ਵਲੀ ਕੰਧਾਰੀ ਗੁਫਾ ਜਾਵੇਗਾ। 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਦਾ ਮੁੱਖ ਸਮਾਗਮ ਹੋਵੇਗਾ। ਇਸ ਤੋਂ ਬਾਅਦ ਸਿੱਖ ਜੱਥਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ।
- 15 ਅਪ੍ਰੈਲ ਨੂੰ ਨਨਕਾਣਾ ਸਾਹਿਬ ‘ਚ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ (ਫਰੂਖਾਬਾਦ, ਪਾਕਿਸਤਾਨ) ਦੇ ਦਰਸ਼ਨ ਕਰਕੇ ਵਾਪਸ ਸ੍ਰੀ ਨਨਕਾਣਾ ਸਾਹਿਬ ਪਰਤੇਗਾ।
- 17 ਅਪ੍ਰੈਲ ਨੂੰ ਇਹ ਜੱਥਾ ਸੜਕ ਮਾਰਗ ਰਾਹੀਂ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਾਵੇਗਾ।
- ਸ੍ਰੀ ਨਨਕਾਣਾ ਸਾਹਿਬ ‘ਚ 18 ਅਪ੍ਰੈਲ ਤੱਕ ਰੁਕਣ ਤੋਂ ਬਾਅਦ 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪਹੁੰਚੇਗਾ ਅਚੇ ਉਥੇ ਰਾਤ ਨੂੰ ਵਿਸ਼ਰਾਮ ਹੋਵੇਗਾ।
- 20 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰੌੜੀ ਸਾਹਿਬ (ਐਮਨਾਬਾਦ) ਦੇ ਦਰਸ਼ਨ ਕਰਕੇ ਜੱਥਾ ਲਾਹੌਰ ਵਾਪਸ ਪਹੁੰਚੇਗਾ।
- ਲਾਹੌਰ ‘ਚ 21 ਅਪ੍ਰੈਲ ਤੱਕ ਗੁਰਦੁਆਰਾ ਸ੍ਰੀ ਡੇਰਾ ਸਾਹਿਬ ‘ਚ ਰੁਕਣ ਤੋਂ ਬਾਅਦ 22 ਅਪ੍ਰੈਲ ਨੂੰ ਵਾਹਘਾ ਬਾਰਡਰ ਦੇ ਰਸਤੇ ਹੀ ਜੱਥਾ ਭਾਰਤ ਪਰਤੇਗਾ।