ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਖੇਤੀ ਸੁਧਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ। ਜੇਕਰ ਕੋਈ ਕਮੀ ਲੱਗੀ, ਤਾਂ ਸਰਕਾਰ ਉਸ ‘ਚ ਬਦਲਾਅ ਕਰਨ ਲਈ ਤਿਆਰ ਹੈ। ਪਰ ਉਸ ਤੋਂ ਪਹਿਲਾਂ ਲਾਗੂ ਕਰਕੇ ਵੇਖਿਆ ਜਾਵੇ ਕਿ ਇਸ ਨਾਲ ਲਾਭ ਹੋਵੇਗਾ ਜਾਂ ਨਹੀਂ।
ਪੀਐੱਮ ਨੇ ਕਿਹਾ, “MSP ਸੀ, ਹੈ ਅਤੇ ਅੱਗੇ ਵੀ ਜਾਰੀ ਰਹੇਗੀ। ਉਹਨਾਂ ਕਿਹਾ ਕਿ ਖੇਤੀ ਸੁਧਾਰ ਕਿਸਾਨਾਂ ਦੇ ਫ਼ਾਇਦੇ ਲਈ ਹਨ। ਖੇਤੀਬਾੜੀ ਮੰਤਰੀ ਲਗਾਤਾਰ ਕਿਸਾਨਾਂ ਦੇ ਸੰਪਰਕ ‘ਚ ਹਨ। ਗੱਲਬਾਤ ਦੇ ਰਸਤੇ ਕਿਸਾਨਾਂ ਲਈ ਹਮੇਸ਼ਾ ਖੁੱਲ੍ਹੇ ਹਨ। ਪਰ ਬਜ਼ੁਰਗ ਲੋਕ ਸੜਕਾਂ ‘ਤੇ ਬੈਠੇ ਹਨ, ਇਹ ਚੰਗੀ ਗੱਲ ਨਹੀਂ। ਇਸ ਲਈ ਉਹਨਾਂ ਨੂੰ ਘਰ ਲਿਜਾਇਆ ਜਾਵੇ।”
ਮੋਦੀ ਨੇ ਵਿਰੋਧੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਸਮਝਾਉਣ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਸਰਕਾਰ ਦਾ ਸਹਿਯੋਗ ਕਰਨ। ਪੀਐੱਮ ਨੇ ਕਿਹਾ, “ਜੋ ਵੀ ਚੰਗਾ ਹੋਵੇਗਾ, ਉਹ ਤੁਹਾਡੇ ਹਿੱਸੇ ਤੇ ਕੁਝ ਬੁਰਾ ਹੋਇਆ, ਉਹ ਮੇਰੇ ਹਿੱਸੇ। ਪਰ ਇਸ ਵਕਤ ਖੇਤੀਬਾੜੀ ਨੂੰ ਖੁਸ਼ਹਾਲ ਬਣਾਉਣ ਲਈ ਫ਼ੈਸਲੇ ਲੈਣ ਦਾ ਸਮਾੰ ਹੈ। ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਦੇਸ਼ ਨੂੰ ਪਿੱਛੇ ਨਹੀਂ ਲਿਜਾਣਾ ਚਾਹੀਦਾ। ਜੇਕਰ ਦੇਰ ਕਰਾਂਗੇ, ਤਾਂ ਕਿਸਾਨਾਂ ਨੂੰ ਹਨੇਰੇ ਵੱਲ ਲਿਜਾਵਾਂਗੇ।”