ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਦਿੱਤੇ। ਪੀਐੱਮ ਨੇ ਆਪਣੇ ਬਿਆਨ ਵਿੱਚ ਵਿਰੋਧੀਆਂ ਨੂੰ ਖਰੀ-ਖਰੀ ਸੁਣਾਈ। ਉਹਨਾਂ ਕਿਹਾ, “ਆਪੋ-ਆਪਣੇ ਰਾਜ ‘ਚ ਹਰ ਸਰਕਾਰ ਨੇ ਖੇਤੀ ਸੁਧਾਰਾਂ ਦੀ ਵਕਾਲਤ ਕੀਤੀ ਹੈ, ਪਰ ਮਹਿਜ਼ ਆਪਣੀ ਸਿਆਸਤ ਚਮਕਾਉਣ ਲਈ ਹੁਣ ਵਿਰੋਧੀਆਂ ਨੇ ਯੂ-ਟਰਨ ਲੈ ਲਿਆ ਹੈ।” ਮੋਦੀ ਨੇ ਕਿਹਾ ਕਿ ਸਰਕਾਰ ਨੂੰ ਘੇਰਨ ਦੇ ਨਾਲ-ਨਾਲ ਜੇਕਰ ਵਿਰੋਧੀ ਕਿਸਾਨਾਂ ਨੂੰ ਵੀ ਸਮਝਾਉਂਦੇ ਕਿ ਬਦਲਾਅ ਕਿੰਨਾ ਜ਼ਰੂਰੀ ਹੈ, ਤਾਂ ਚੰਗਾ ਹੁੰਦਾ।
ਪ੍ਰਧਾਨ ਮੰਤਰੀ ਨੇ ਸਾਬਕਾ ਪੀਐੱਮ ਡਾ. ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ, “ਖੁਦ ਮਨਮੋਹਨ ਸਿੰਘ ਵੀ ਚਾਹੁੰਦੇ ਸਨ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਦੀ ਅਜ਼ਾਦੀ ਹੋਵੇ। ਉਹਨਾਂ ਇੱਕ ਬਜ਼ਾਰ ਬਣਾਉਣ ਦੀ ਵੀ ਗੱਲ ਕਹੀ ਸੀ। ਇਸ ਲਈ ਕਾਂਗਰਸ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਜੋ ਡਾ. ਮਨਮੋਹਨ ਸਿੰਘ ਨੇ ਕਿਹਾ, ਉਹ ਮੋਦੀ ਨੇ ਕਰ ਵਿਖਾਇਆ।”
ਪੀਐੱਮ ਮੋਦੀ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਤੇ ਚੁਟਕੀ ਵੀ ਲਈ। ਉਹਨਾਂ ਕਿਹਾ ਕਿ ਘਰ ‘ਚ ਕੋਈ ਵਿਆਹ ਰੱਖਿਆ ਹੋਵੇ, ਤਾਂ ਉਸ ‘ਚ ਵੀ ਕੋਈ ਨਾ ਕੋਈ ਨਰਾਜ਼ ਹੋ ਹੀ ਜਾਂਦਾ ਹੈ। ਘਰ ‘ਚ ਕੋਈ ਛੋਟਾ-ਮੋਟਾ ਬਦਲਾਅ ਵੀ ਕਰਨਾ ਹੋਵੇ, ਤਾਂ ਥੋੜ੍ਹਾ-ਬਹੁਤ ਤਣਾਅ ਹੋ ਜਾਂਦਾ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਬਦਲਾਅ ਸਹੀ ਨਹੀੰ। ਪੀਐੱਮ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਕਾਨੂੰਨ ‘ਚ ਸਮਾੰ ਆਉਣ ‘ਤੇ ਕੁਝ ਸੁਧਾਰ ਕਰਨੇ ਹੀ ਪੈੰਦੇ ਹਨ।
ਸਦਨ ‘ਚ ਹੋਈ ਚਰਚਾ ‘ਤੇ ਬੋਲਦਿਆੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ‘ਤੇ ਖੂਬ ਚਰਚਾ ਕੀਤੀ ਗਈ, ਪਰ ਇਹ ਅੰਦੋਲਨ ਕਿਸ ਗੱਲ ‘ਤੇ ਹੈ, ਇਸ ‘ਤੇ ਸਭ ਨੇ ਚੁੱਪੀ ਧਾਰੀ ਹੋਈ ਹੈ। ਕਿਸੇ ਵੀ ਆਗੂ ਨੇ ਸਦਨ ‘ਚ ਇਹ ਨਹੀਂ ਦੱਸਿਆ ਕਿ ਅੰਦੋਲਨ ਕਿਉੰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਵੱਲੋਂ ਆਪਣੇ ਭਾਸ਼ਣ ਦੌਰਾਨ ਵਿਰੋਧੀਆਂ ਤੋਂ ਸਵਾਲ ਕੀਤਾ ਗਿਆ, ਪਰ ਉਹਨਾਂ ਦੇ ਸਵਾਲ ਦਾ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ।
ਸਦਨ ‘ਚ ਆਪਣੇ ‘ਤੇ ਹੋਏ ਹਮਲਿਆੰ ਨੂੰ ਲੈ ਕੇ ਪੀਐੱਮ ਮੋਦੀ ਨੇ ਚੁਟਕੀ ਵੀ ਲਈ। ਉਹਨਾਂ ਕਿਹਾ, “ਮੈਂ ਤੁਹਾਡੇ ਕਿਸੇ ਕੰਮ ਆਇਆ, ਇਸਦੀ ਮੈਨੂੰ ਖੁਸ਼ੀ ਹੈ। ਮੇਰੇ ‘ਤੇ ਹਮਲੇ ਬੋਲਣ ਨਾਲ ਤੁਹਾਨੂੰ ਆਨੰਦ ਮਿਲਿਆ, ਉਹ ਵੀ ਬਹੁਤ ਵਧੀਆ ਹੈ। ਪਰ ਅਜਿਹਾ ਆਨੰਦ ਲੈਂਦੇ ਰਹੋ, ਕਿਉੰਕਿ ਬਹਿਸ ਬਹੁਤ ਜ਼ਰੂਰੀ ਹੈ। ਮੋਦੀ ਹੈ, ਮੌਕੇ ਲੈਂਦੇ ਰਹੋ।”