ਖੇਤੀ ਕਾਨੂੰਨਾੰ ‘ਤੇ ਜਾਰੀ ਗਤੀਰੋਧ ਵਿਚਾਲੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਲੀ ‘ਚ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਖੇਤੀ ਕਾਨੂੰਨਾਂ ‘ਤੇ ਚਰਚਾ ਕੀਤੀ ਗਈ। ਇਸ ਮੀਟਿੰਗ ‘ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਮੌਜੂਦ ਸਨ। ਹਾਲਾਂਕਿ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਆਪਣੀ ਚੁੱਪੀ ਬਰਕਰਾਰ ਰੱਖੀ ਅਤੇ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਇਸ ਤੋਂ ਇਲਾਵਾ ਮੁਲਾਕਾਤ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਚੋਣਾੰ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਦਰਅਸਲ, ਕੁਝ ਸਮੇੰ ਤੋਂ ਚਰਚਾਵਾਂ ਹਨ ਕਿ ਸਿੱਧੂ ਨੂੰ ਪੰਜਾਬ ‘ਚ ਕੋਈ ਜ਼ਿੰਮੇਵਾਰੀ ਮਿਲ ਸਕਦੀ ਹੈ। ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਕਿਹਾ ਸੀ ਕਿ ਉਹ ਪੰਜਾਬ ਦਾ ਦੌਰਾ ਕਰਕੇ ਇਸ ਗੱਲ ਦੀ ਸਮੀਖਿਆ ਕਰਨਗੇ ਕਿ ਸਿੱਧੂ ਨੂੰ ਕਿਥੇ ਐਡਜਸਟ ਕੀਤਾ ਜਾਵੇ।
ਸਿੱਧੂ ਬੇਸ਼ੱਕ ਮੀਡੀਆ ਸਾਹਮਣੇ ਖੁੱਲ੍ਹ ਕੇ ਨਹੀਂ ਬੋਲਦੇ। ਪਰ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਨਰਾਜ਼ਗੀ ਜੱਗ-ਜ਼ਾਹਿਰ ਹੈ। ਸਿੱਧੂ ਅਕਸਰ ਟਵਿਟਰ ‘ਤੇ ਸ਼ਾਇਰੀ ਜ਼ਰੀਏ ਆਪਣੀ ਗੱਲ ਲੋਕਾੰ ਦੇ ਸਾਹਮਣੇ ਰਖਦੇ ਹਨ। ਮੁਲਾਕਾਤ ਤੋਂ ਥੋੜ੍ਹੀ ਦੇਰ ਪਹਿਲਾਂ ਵੀ ਸਿੱਧੂ ਨੇ 2 ਟਵੀਟ ਕੀਤੇ ਸਨ। ਉਹਨਾਂ ਲਿਖਿਆ, “ਨਿਮਰਤਾ ਸਹਿਤ ਆਗਿਆ ਨਾ ਮੰਨਣਾ, ਅਸਲ ‘ਚ ਇੱਕ ਰੂੜ੍ਹੀਵਾਦੀ ਵਿਚਾਰ ਹੈ। ਇਹ ਵਿਦਰੋਹ ਦੇ ਕੁਝ ਕਦਮ ਘੱਟ ਹਨ। ਇਹ ਚੰਗੇ ਕਾਨੂੰਨਾਂ ‘ਤੇ ਜ਼ੋਰ ਦੇ ਕੇ ਅਤੇ ਬੁਰੇ ਕਾਨੂੰਨਾਂ ਨੂੰ ਖਾਰਜ ਕਰਕੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਦਾ ਹੈ।” ਇਸ ਤੋਂ ਪਹਿਲਾਂ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਸੀ, ਜਿਸ ‘ਚ ਉਹਨਾਂ ਲਿਖਿਆ, “ਇਹ ਦਬਦਬਾ, ਇਹ ਦੌਲਤਾਂ, ਇਹ ਹਕੂਮਤ ਦਾ ਨਸ਼ਾ, ਸਾਰੇ ਕਿਰਾਏਦਾਰ ਹਨ…ਘਰ ਬਦਲਦੇ ਰਹਿੰਦੇ ਹਨ।”
ਦੱਸ ਦਈਏ ਕਿ 2019 ‘ਚ ਜਦੋਂ ਕੈਪਟਨ ਕੈਬਨਿਟ ‘ਚ ਫੇਰਬਦਲ ਕੀਤਾ ਗਿਆ, ਤਾਂ ਸਿੱਧੂ ਦਾ ਮਹਿਕਮਾ ਬਦਲਣ ਦੇ ਚਲਦੇ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕਈ ਵਾਰ ਸਿੱਧੂ ਅਤੇ ਕੈਪਟਨ ਨੂੰ ਇੱਕ-ਦੂਜੇ ‘ਤੇ ਵਾਰ-ਪਲਟਵਾਰ ਕਰਦੇ ਵੇਖਿਆ ਗਿਆ। ਪਰ ਰਾਹੁਲ ਗਾਂਧੀ ਦੇ ਕਰੀਬੀ ਹੋਣ ਦੇ ਚਲਦੇ ਸਿੱਧੂ ਅੱਜ ਵੀ ਕਾਂਗਰਸ ਪਾਰਟੀ ਦਾ ਹਿੱਸਾ ਹਨ।