ਬਿਓਰੋ। 2022 ਦੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਇਸ ਵਾਰ ਮੁੱਦਾ ਬਿਜਲੀ ਦਾ ਹੈ। ਦਰਅਸਲ, ਸਿੱਧੂ ‘ਤੇ ਬਿਜਲੀ ਵਿਭਾਗ ਦਾ 8 ਲੱਖ ਤੋਂ ਵੱਧ ਦਾ ਬਿੱਲ ਬਕਾਇਆ ਹੈ। ਖ਼ਬਰ ਸਾਹਮਣੇ ਆਈ, ਤਾਂ ਅਕਾਲੀ ਦਲ ਨੇ ਉਹਨਾਂ ਨੂੰ ਘੇਰਨ ‘ਚ ਦੇਰ ਨਹੀਂ ਲਗਾਈ।
ਸਿੱਧੂ ‘ਤੇ ਤੰਜ ਭਰਿਆ ਹਮਲਾ
ਅਕਾਲੀ ਦਲ ਨੇ ਸਿੱਧੂ ਨੂੰ ਬਿਜਲੀ ਚੋਰ ਕਹਿ ਕੇ ਉਹਨਾਂ ‘ਤੇ ਹਮਲਾ ਬੋਲਿਆ। ਅਕਾਲੀ ਦਲ ਨੇ ਤੰਜ ਭਰਿਆ ਟਵੀਟ ਕਰਦੇ ਹੋਏ ਲਿਖਿਆ, “ਕੈਪਟਨ ਸਾਬ੍ਹ। ਪੰਜਾਬ ਨੂੰ ਬਿਜਲੀ ਸੰਕਟ ਦੇ ਕੇ ਕਲਪਾਉਣ ਤੋਂ ਫ਼ੁਰਸਤ ਮਿਲ ਗਈ ਹੋਵੇ ਤਾਂ ਇਧਰ ਵੀ ਗ਼ੌਰ ਫ਼ਰਮਾਓ, ਬਿਜਲੀ ਬਿੱਲ ਦਾ ਲੱਖਾਂ ਦਾ ਬਕਾਇਆ ਨੱਪੀ ਬੈਠੇ ਤੁਹਾਡੇ ਇਸ ਮੰਤਰੀ ਨੂੰ ਸਭ ਤੋਂ ਵੱਧ ‘ਤਰਸ’ ਦੀ ਲੋੜ ਹੈ, ਇਸ ‘ਤੇ ਆਪਣੀ ਰਹਿਮਤ ਦਾ ਮੀਂਹ ਵਰਸਾਓ!”
ਮੈਡਮ ਸਿੱਧੂ ਦਾ ਸੁਖਬੀਰ ‘ਤੇ ਪਲਟਵਾਰ
ਅਕਾਲੀ ਦਲ ਨੇ ਸਵਾਲ ਚੁੱਕੇ, ਤਾਂ ਸਿੱਧੂ ਸਾਬ੍ਹ ਖੁਦ ਤਾਂ ਸਾਹਮਣੇ ਨਹੀਂ ਆਏ..ਪਰ ਮੈਡਮ ਸਿੱਧੂ ਨੇ ਸਿੱਧੇ ਸੁਖਬੀਰ ਬਾਦਲ ‘ਤੇ ਹਮਲਾ ਬੋਲ ਦਿੱਤਾ। ਨਵਜੋਤ ਕੌਰ ਸਿੱਧੂ ਨੇ ਕਿਹਾ, “ਸੁਖਬੀਰ ਬਾਦਲ, ਜਿਹੜੀ ਤੈਨੂੰ ਤਕਲੀਫ਼ ਹੋ ਰਹੀ ਹੈ ਮਿਰਚਾਂ ਲੜ ਰਹੀਆਂ ਨੇ ਬਿਜਲੀ ਦੇ ਬਿੱਲਾਂ ਵਾਲੀਆਂ…ਤਾਂ ਮੈਂ ਬੜਾ ਕਲੀਅਰ ਕਰ ਦਿਆਂ ਕਿ ਸਾਡੇ ਕੋਲ ਹਰਾਮ ਦੇ ਪੈਸੇ ਨਹੀਂ ਤੇਰੇ ਵਰਗੇ…ਜਿਵੇਂ ਤੂੰ ਹਰਾਮ ਦੇ ਪੈਸੇ ਕਮਾਏ ਹੋਏ ਨੇ…ਬੜੀ ਇੱਜ਼ਤ ਨਾਲ ਰੋਟੀ ਕਮਾਈ ਹੋਈ ਹੈ…ਤਨਖਾਹ ‘ਚਂ ਗੁਜ਼ਾਰਾ ਕਰੀਦਾ ਹੈ…ਸ਼ੋਅਰੂਮ ‘ਚੋਂ ਕਿਰਾਏ ਆ ਰਹੇ ਸੀ…ਇਹ ਕੋਰੋਨਾ ਦਾ ਸਮਾਂ ਸੀ…ਜਦੋਂ ਰੈਂਟਲ ਇਨਕਮ ਬੰਦ ਹੋ ਗਈ…ਬੰਦਾ ਔਖੇ ਹੋ ਕੇ ਵੀ ਗੁਜ਼ਾਰਾ ਕਰ ਰਿਹਾ ਹੈ…ਆਪਣੇ ਘਰਾਂ ‘ਤੇ ਸੋਲਰ ਲਾਏ ਹਨ…ਬਿੱਲ ਅਸੀਂ ਆਪਣੀਆਂ ਜੇਬਾਂ ਤੋਂ ਭਰਦੇ ਹਾਂ…ਤੁਹਾਡੇ ਵਾਂਗ ਸਰਕਾਰਾਂ ਤੋਂ ਨਹੀਂ ਲੈਂਦੇ…ਜੇ ਬਿਮਾਰ ਹੋਏ ਤਾਂ ਇਲਾਜ ਵੀ ਆਪਣੇ ਪੈਸਿਆਂ ਤੋਂ ਕਰਾਇਆ…ਸੈਰ-ਸਪਾਟੇ ‘ਤੇ ਗਏ ਤਾਂ ਆਪਣੇ ਪੈਸਿਆਂ ‘ਤੇ ਗਏ…ਸਰਕਾਰੀ ਕੰਮ ਕਰਨ ਲਈ ਜੇ ਹਵਾਈ ਜਹਾਜ਼ਾਂ ‘ਤੇ ਗਏ ਤਾਂ ਆਪਣੇ ਪੈਸੇ ਲੈ ਕੇ ਗਏ।”
ਅੱਗੇ ਉਹਨਾਂ ਸਫਾਈ ਦਿੰਦਿਆਂ ਕਿਹਾ, “ਬਿਜਲੀ ਦੇ ਬਿੱਲ ਦਾ ਇਹ ਨਹੀਂ ਕਿ ਬਿੱਲ ਨਹੀਂ ਦਿੱਤਾ, ਇਹ ਸੀ ਕਿ ਸਰਦੀਆਂ-ਗਰਮੀਆਂ ‘ਚ ਬਰਾਬਰ ਬਿੱਲ ਕਿਵੇਂ ਆਵੇ ਜਦੋਂ ਏਸੀ ਨਹੀਂ ਚਲਦੇ ਉਦੋਂ ਵੀ…ਤੇ ਇੱਕ ਅਪੀਲ ਪਾਈ ਸੀ ਕਿ ਇੰਨਾ ਜ਼ਿਆਦਾ ਬਿੱਲ ਘਰ ਦਾ ਕਿਵੇਂ ਕਰ ਦਿੰਦੇ ਹੋ 1 ਲੱਖ ਰੁਪਿਆ…2 ਜਣੇ ਅਸੀਂ ਘਰ ‘ਚ ਰਹਿੰਦੇ ਹਾਂ…ਇੰਨਾ ਵੱਡਾ ਬਿੱਲ ਕਿਵੇਂ ਆ ਜਾਂਦਾ…ਇਹ ਚੈੱਕ ਕੀਤਾ ਜਾਵੇ। ਸਾਡੀ ਅਪੀਲ ਕਲੀਅਰ ਹੋ ਗਈ ਹੈ। ਬਿਜਲੀ ਬੋਰਡ ਵਾਲੇ ਮੰਨ ਵੀ ਗਏ ਹਨ। ਅਸੀਂ ਕਿਹੜਾ ਬਿੱਲ ਅੱਜ ਤੱਕ ਨਹੀਂ ਭਰਿਆ।”
ਇਸ ਤੋਂ ਬਾਅਦ ਉਹਨਾਂ ਫਿਰ ਸੁਖਬੀਰ ‘ਤੇ ਹਮਲਾ ਬੋਲਿਆ ਅਤੇ ਕਿਹਾ, “ਇਹ ਉਹਨਾਂ ਲੋਕਾਂ ਨੂੰ ਸਵਾਲ ਪੁੱਛ ਰਹੇ ਹਨ ਜਿਸਨੇ ਲੱਖਾਂ-ਕਰੋੜਾਂ ਰੁਪਏ ਲੋਕਾਂ ਨੂੰ ਆਪਣੇ ਪੱਲਿਓ ਦਿੱਤਾ…ਅੱਜ ਉਹ ਪੰਜਾਬ ਕਰਕੇ ਸਾਰਾ ਕਾਰੋਬਾਰ ਬੰਦ ਕਰਕੇ ਬੈਠਾ ਹੈ। ਤੂੰ ਦੱਸ ਤੂੰ ਦਵੰਨੀ ਵੀ ਕਿਸੇ ਨੂੰ ਕੱਢ ਕੇ ਦਿੱਤੀ ਜਾਵੇ। ਤੂੰ ਸਰਕਾਰੀ ਕਿਹੜੇ ਫਾਇਦੇ ਨਹੀਂ ਚੁੱਕੇ। ਤੁਸੀਂ ਆਪਣੇ ਕਰੋੜਾਂ ਦੇ ਬਿੱਲ ਕੱਢ ਲਓ ਜਿਹੜੇ ਸਰਕਾਰ ਦੇ ਖਾਤੇ ‘ਚੋਂ ਖਾਧੇ ਹਨ। ਤੁਸੀਂ ਤਾਂ ਪ੍ਰੋਗਰਾਮ ਵੀ ਸਰਕਾਰੀ ਖਾਤਿਆਂ ਚੋ ਕਰਦੇ ਹੋ। ਤੂੰ ਤਾਂ ਸਾਰਾ ਪੰਜਾਬ ਲੁੱਟ ਕੇ ਖਾ ਗਿਆ…ਤੂੰ ਆਪਣੀ ਔਕਾਤ ‘ਚ ਰਹਿ ਅਤੇ ਸੋਚ-ਸਮਝ ਕੇ ਬੋਲ।”
ਪਹਿਲਾਂ ਮਿਸਾਈਲ ‘ਤੇ ਹੋ ਚੁੱਕੀ ਹੈ ਮਹਾਂਭਾਰਤ
ਸਿੱਧੂ ਅਤੇ ਸੁਖਬੀਰ ਵਿਚਾਲੇ ਤਕਰਾਰ ਕੋਈ ਨਵੀਂ ਨਹੀਂ ਹੈ। ਪਿਛਲੇ ਦਿਨੀਂ ਸੁਖਬੀਰ ਨੇ ਸਿੱਧੂ ਨੂੰ Misguided ਮਿਸਾਈਲ ਦੱਸਿਆ ਸੀ। ਜਵਾਬ ‘ਚ ਸਿੱਧੂ ਨੇ ਕਿਹਾ ਸੀ ਕਿ ਉਹ Misguided ਨਹੀਂ, Guided ਮਿਸਾਈਲ ਹਨ। ਅਤੇ ਉਦੋਂ ਤੱਕ ਚੁੱਪ ਨਹੀਂ ਰਹਿਣਗੇ, ਜਦੋਂ ਤੱਕ ਤੁਹਾਡੇ Sukh Villas ਨੂੰ ਤਬਾਹ ਕਰਕੇ ਜਨਤਾ ਲਈ ਸਕੂਲ ਤੇ ਹਸਪਤਾਲ ਨਹੀਂ ਬਣਵਾ ਦਿੰਦਾ।