ਨਵੀਂ ਦਿੱਲੀ। ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਗਰੀਬ ਪਰਿਵਾਰਾਂ ਨੂੰ 8 ਮਹੀਨੇ ਤਕ ਮੁਫਤ ਰਾਸ਼ਨ ਮੁਹੱਈਆ ਕਰਵਾਉਣ ਵਾਲੀ ਮੋਦੀ ਸਰਕਾਰ ਵੱਲੋਂ ਦੂਜੀ ਲਹਿਰ ਦੇ ਖਤਮ ਹੁੰਦੇ-ਹੁੰਦੇ ਇੱਕ ਵਾਰ ਫਿਰ ਵੱਡਾ ਐਲਾਨ ਕੀਤਾ ਗਿਆ ਹੈ। ਸੋਮਵਾਰ ਨੂੰ ਦੇਸ਼ ਦੇ ਨਾੰਅ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਸਰਕਾਰ ਦਿਵਾਲੀ ਤੱਕ ਗਰੀਬਾਂ ਨੂੰ ਰਾਸ਼ਨ ਮੁਫਤ ਦੇਵੇਗੀ।
ਪੀਐੱਮ ਨੇ ਕਿਹਾ, “ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪਿਛਲੇ ਸਾਲ 8 ਮਹੀਨਿਆਂ ਤੱਕ ਗਰੀਬਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ, ਜੋ ਦੂਜੀ ਲਹਿਰ ਦੌਰਾਨ ਮਈ ਅਤੇ ਜੂਨ ਮਹੀਨੇ ‘ਚ ਵੀ ਦਿੱਤਾ ਗਿਆ। ਪਰ ਹੁਣ ਸਰਕਾਰ ਨੇ ਇਸ ਯੋਜਨਾ ਨੂੰ ਦਿਵਾਲੀ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ।” ਉਹਨਾਂ ਕਿਹਾ ਕਿ ਨਵੰਬਰ ਮਹੀਨੇ ਤੱਕ ਦੇਸ਼ ਦੇ 80 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਤੈਅ ਮਾਤਰਾ ਚ ਅਨਾਜ ਉਪਲਬਧ ਕਰਵਾਇਆ ਜਾਵੇਗਾ, ਤੋਂ ਜੋ ਕਿਸੇ ਵੀ ਗਰੀਬ ਜਾਂ ਉਸਦੇ ਪਰਿਵਾਰ ਨੂੰ ਭੁੱਖਾ ਨਾ ਸੌਣਾ ਪਵੇ।
ਪਿਛਲੇ ਸਾਲ ਮਾਰਚ ‘ਚ ਲਾਗੂ ਹੋਈ ਸੀ ਯੋਜਨਾ
ਕਾਬਿਲੇਗੌਰ ਹੈ ਕਿ ਪਿਛਲੇ ਸਾਲ ਕੋਰੋਨਾ ਦੇ ਚਲਦੇ ਜਦੋਂ ਦੇਸ਼ ਭਰ ‘ਚ ਲੌਕਡਾਊਨ ਲਗਾਇਆ ਗਿਆ ਸੀ, ਉਸ ਵੇਲੇ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਹ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦਾ ਹਿੱਸਾ ਸੀ। ਇਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 5 ਕਿੱਲੋ ਅਨਾਜ(ਕਣਕ ਜਾਂ ਚੌਲ) ਅਤੇ ਇੱਕ ਕਿੱਲੋ ਦਾਲ ਦਿੱਤੀ ਜਾਂਦੀ ਹੈ।