ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਚੇਤਾਵਨੀ ਦੇਣ ਵਾਲੇ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਕੇ. ਵਿਜੇ ਰਾਘਵਨ ਨੇ ਹੁਣ ਇੱਕ ਰਾਹਤ ਦੀ ਗੱਲ ਕਹੀ ਹੈ। ਪ੍ਰੋ. ਰਾਘਵਨ ਦਾ ਕਹਿਣਾ ਹੈ, “ਜੇਕਰ ਜ਼ਰੂਰੀ ਉਪਾਵਾਂ ਨੂੰ ਅਪਣਾਇਆ ਗਿਆ, ਤਾਂ ਹੋ ਸਕਦਾ ਹੈ ਕਿ ਤੀਜੀ ਲਹਿਰ ਨਾ ਆਵੇ ਅਤੇ ਜੇਕਰ ਆਈ ਵੀ, ਤਾਂ ਪੂਰੇ ਦੇਸ਼ ‘ਚ ਨਾ ਆ ਕੇ ਕੁਝ ਹਿੱਸਿਆ ‘ਚ ਹੀ ਆਵੇ।”
ਇਸ ਤੋਂ ਪਹਿਲਾਂ ਪ੍ਰੋ. ਰਾਘਵਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਜ਼ਰੂਰ ਆਵੇਗੀ। ਉਹਨਾਂ ਦੀ ਇਸ ਟਿੱਪਣੀ ਦੇ ਬਾਅਦ ਤੋਂ ਦੇਸ਼ ‘ਚ ਕੋਰੋਨਾ ਦਾ ਖ਼ਤਰਾ ਹੋਰ ਵਧਣ ਦਾ ਖਦਸ਼ਾ ਜਤਾਇਆ ਜਾਣ ਲੱਗਾ ਸੀ। ਇਸ ‘ਤੇ ਸਫ਼ਾਈ ਦਿੰਦੇ ਹੋਏ ਰਾਘਵਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸਾਵਧਾਨੀ ਵਰਤੀ ਗਈ, ਤਾਂ ਹਰ ਜਗ੍ਹਾ ਤੀਜੀ ਲਹਿਰ ਨਹੀਂ ਆਵੇਗੀ।
ਤੀਜੀ ਲਹਿਰ ‘ਤੇ SC ਨੇ ਕੀ ਕਿਹਾ ?
ਕੇਂਦਰ ਸਰਕਾਰ ਵੱਲੋਂ ਪ੍ਰੋ. ਰਾਘਵਨ ਦੇ ਇਸ ਬਿਆਨ ‘ਤੇ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਿਰ ਕੀਤੀ ਸੀ। ਸੁਪਰੀਮ ਕੋਰਟ ਨੇ ਕੇਂਦਰ ਤੋਂ ਪਲਾਨ ਵੀ ਮੰਗਿਆ ਹੈ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ, ਤਾਂ ਉਸ ਨਾਲ ਨਜਿੱਠਣ ਲਈ ਸਰਕਾਰ ਦੀ ਕੀ ਯੋਜਨਾ ਹੈ। ਹੋਰ ਕੀ ਕੁਝ ਕਿਹਾ ਸੀ ਸੁਪਰੀਮ ਕੋਰਟ ਨੇ, ਇਥੇ ਪੜ੍ਹੋ।
9 ਸੂਬਿਆਂ ‘ਚ ਵੱਧ ਰਹੇ ਕੇਸ
ਸਿਹਤ ਮੰਤਰਾਲੇ ਮੁਤਾਬਕ, ਕਰਨਾਟਕ, ਕੇਰਲ, ਤਮਿਲਨਾਡੂ, ਆੰਧਰਾ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਹਰਿਆਣਾ, ਉੜੀਸਾ ਤੇ ਉੱਤਰਾਖੰਡ ‘ਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ। ਦੇਸ਼ ‘ਚ 24 ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ‘ਚ 15 ਫ਼ੀਸਦ ਤੋਂ ਵੱਧ ਪਾਜ਼ੀਟਿਵਿਟੀ ਰੇਟ ਹੈ। ਫਿਲਹਾਲ ਦੇਸ਼ ‘ਚ ਕਰੀਬ 17 ਫ਼ੀਸਦ ਐਕਟਿਵ ਕੇਸ ਹਨ। 82 ਫ਼ੀਸਦ ਦੇ ਕਰੀਬ ਰਿਕਵਰ ਹੋ ਚੁੱਕੇ ਹਨ ਤੇ ਡੈੱਥ ਰੇਟ ਸਿਰਫ਼ 1.09 ਫ਼ੀਸਦ ਹੈ।