ਬਿਓਰੋ। ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬੇਹੱਦ ਦਿਲਚਸਪ ਰਹਿਣ ਵਾਲੀਆਂ ਹਨ। ਖਾਸਕਰ ਉਦੋਂ, ਜਦੋਂ ਸਿਆਸੀ ਹਲਕਿਆਂ ‘ਚ ਉਠਿਆ ਤੂਫਾਨ ਇੱਕ ਵੱਡੀ ਪਾਰਟੀ ‘ਚ ਉਥਲ-ਪੁਥਲ ਮਚਾਉਣ ਦੀ ਤਿਆਰੀ ‘ਚ ਹੋਵੇ। ਗੱਲ ਪੰਜਾਬ ਕਾਂਗਰਸ ਦੀ ਕਰ ਰਹੇ ਹਾਂ, ਜਿਸ ‘ਚ 2022 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ ਹੋਣ ਦੇ ਪੂਰੇ ਅਸਾਰ ਹਨ।
ਦਰਅਸਲ, ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਕੈਪਟਨ ਦੇ 2 ਮੰਤਰੀਆਂ ਦਾ ਵੀ ਸਾਥ ਮਿਲ ਗਿਆ ਹੈ। ਇੱਕ ਅੰਗਰੇਜ਼ੀ ਅਖਬਾਰ ‘ਚ ਛਪੀ ਖ਼ਬਰ ਦੇ ਮੁਤਾਬਕ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਨੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਚਰਚਾ ਹੈ ਕਿ ਇਸ ਮੁਲਾਕਾਤ ਦੌਰਾਨ ਬੇਅਦਬੀਆਂ ਦੇ ਮੁੱਦੇ ‘ਤੇ ਗੰਭੀਰ ਚਰਚਾ ਕੀਤੀ ਗਈ। ਇਹਨਾਂ ਖ਼ਬਰਾਂ ‘ਚ ਇਸ ਲਈ ਵੀ ਦਮ ਹੈ ਕਿ ਇਹ ਦੋਵੇਂ ਮੰਤਰੀ ਉਹ ਨੇ, ਜਿਹਨਾਂ ਦੀ ਹਾਲ ਹੀ ‘ਚ ਕੈਬਨਿਟ ਮੀਟਿੰਗ ਦੌਰਾਨ ਸੀਐੱਮ ਨਾਲ ਬਹਿਸ ਹੋ ਗਈ ਹੈ। ਰੰਧਾਵਾ ਨੇ ਤਾਂ ਸੀਐੱਮ ਨੂੰ ਆਪਣਾ ਅਸਤੀਫ਼ਾ ਤੱਕ ਸੌੰਪ ਦਿੱਤਾ ਸੀ। ਹਾਲਾਂਕਿ ਮੁੱਖ ਮੰਤਰੀ ਨੇ ਅਸਤੀਫ਼ਾ ਤੁਰੰਤ ਨਾ-ਮਨਜ਼ੂਰ ਕਰ ਦਿੱਤਾ।
ਸੂਤਰਾਂ ਦੀ ਮੰਨੀਏ, ਤਾਂ ਸਿੱਧੂ ਅਤੇ ਮੰਤਰੀਆਂ ਵਿਚਾਲੇ ਹੋਈ ਬੈਠਕ ‘ਚ ਕਾਂਗਰਸ ਦੇ ਕਈ ਵਿਧਾਇਕ ਵੀ ਸ਼ਾਮਲ ਸਨ। ਨਵਜੋਤ ਸਿੱਧੂ ਦੇ ਕਰੀਬੀ ਮੰਨੇ ਜਾਣ ਵਾਲੇ ਪਰਗਟ ਸਿੰਘ ਤੋਂ ਇਲਾਵਾ ਪ੍ਰਤਾਪ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਬਲਵਿੰਦਰ ਲਾਡੀ ਅਤੇ ਬਰਿੰਦਰਮੀਤ ਸਿੰਘ ਪਾਹੜਾ ਵੀ ਇਸ ਬੈਠਕ ‘ਚ ਸ਼ਾਮਲ ਸਨ।
ਹੁਣ ਵੇਖਣਾ ਦਿਲਚਸਪ ਰਹੇਗਾ ਕਿ ਅਜਿਹੀਆਂ ਮੀਟਿੰਗਾਂ ਕਰਕੇ ਕੀ ਸਿੱਧੂ ਤੇ ਮੰਤਰੀ ਸਰਕਾਰ ਖਿਲਾਫ਼ ਆਪਣਾ ਵੱਖਰਾ ਮੋਰਚਾ ਖੜ੍ਹਾ ਕਰਦੇ ਹਨ ਜਾਂ ਸਰਕਾਰ ‘ਚ ਹੀ ਰਹਿ ਕੇ ਮੁੱਖ ਮੰਤਰੀ ‘ਤੇ ਦਬਾਅ ਪਾਉਣ ‘ਚ ਕਾਮਯਾਬ ਹੁੰਦੇ ਹਨ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਇੱਕ ਪਾਸੇ ਕੈਪਟਨ ਦੀ ਵਜ਼ਾਰਤ ਦੇ ਵਜ਼ੀਰ ਉਹਨਾਂ ਖਿਲਾਫ਼ ਬਾਗੀ ਰੁਖ ਅਪਨਾ ਰਹੇ ਹਨ, ਤਾਂ ਓਧਰ ਲਗਭਗ ਹਰ ਮੁੱਦੇ ਨੂੰ ਲੈ ਕੇ ਕੈਪਟਨ ਦੀ ਮੁਖਾਲਫਤ ਕਰਨ ਵਾਲੇ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਉਹਨਾਂ ਵੱਲੋਂ ਸੱਦੀਆਂ ਮੀਟਿੰਗਾਂ ‘ਚ ਸ਼ਾਮਲ ਹੋ ਰਹੇ ਹਨ। ਪ੍ਰਤਾਪ ਬਾਜਵਾ ਨੇ ਤਾਂ ਬੇਅਦਬੀਆਂ ਦੇ ਮੁੱਦੇ ‘ਤੇ ਵੀ ਮੀਟਿੰਗ ਸੱਦਣ ਦੀ ਮੰਗ ਕਰ ਦਿੱਤੀ ਹੈ, ਜਿਸਦੇ ਲਈ ਉਹਨਾਂ ਨੇ ਸੀਐੱਮ ਨੂੰ ਪੱਤਰ ਵੀ ਲਿਖਿਆ ਹੈ।