ਚੰਡੀਗੜ੍ਹ। ਕੋਰੋਨਾ ਮਹਾਂਮਾਰੀ ਦੇ ਚਲਦੇ ਸੂਬੇ ਦੇ ਹੈਲਥ ਸਿਸਟਮ ਦੀ ਮਜਬੂਤੀ ਲਈ ਪੰਜਾਬ ਸਰਕਾਰ ਨੇ ਨਵੀਆਂ ਭਰਤੀਆਂ ਕੱਢੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨਾਂ ਦੀ ਫੌਰੀ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿੱਚ ਮੈਡੀਕਲ ਕਾਲਜਾਂ ਦੇ ਪ੍ਰਵਾਨਿਤ/ਪ੍ਰਗਤੀ ਅਧੀਨ ਪ੍ਰਾਜੈਕਟਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਮੈਡੀਕਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਪੰਜਾਬ ਪਿੱਛੇ ਨਾ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਨਾਗਰਿਕਾਂ ਨੂੰ ਕੋਵਿਡ ਬੈੱਡ ਮੁਹੱਈਆ ਕਰਵਾਉਣ ਲਈ ਮਿਲਟਰੀ ਹਸਪਤਾਲਾਂ ਅਤੇ ਪੀ.ਜੀ.ਆਈ. ਸੈਟੇਲਾਈਟਾਂ ਸੈਂਟਰਾਂ ਨੂੰ ਹਦਾਇਤਾਂ ਦੇਣ ਦੀ ਮੰਗ ਕਰਨਗੇ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਸ ਉਦੇਸ਼ ਲਈ ਆਰਜ਼ੀ ਢਾਂਚੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕੰਮਕਾਜ ਖਾਸ ਕਰਕੇ ਕੋਵਿਡ ਦੇ ਸੰਕਟ ਦੇ ਸਬੰਧ ਵਿਚ ਇਸ ਦਾ ਵਰਚੂਅਲ ਤੌਰ ਉਤੇ ਲੈਂਦਿਆਂ ਜਾਇਜਾ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਮੁੜ ਮਨੋਨੀਤ ਕਰਨ ਲਈ ਸਮਾਂਬੱਧ ਢੰਗ ਨਾਲ ਨਿਯਮਾਂ ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਆਪਣੇ ਦੂਜੇ ਫੈਕਲਟੀ ਮੈਂਬਰਾਂ ਦੇ ਬਰਾਬਰ ਲਿਆਂਦਾ ਜਾ ਸਕੇ।
ਭਰਤੀ ਮੁਹਿੰਮ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੁਨਰਗਠਨ ਤੋਂ ਬਾਅਦ ਪ੍ਰਵਾਨਿਤ 900 ਅਸਾਮੀਆਂ ਵਿਚੋਂ ਪਹਿਲੇ ਪੜਾਅ ਵਿਚ ਨਰਸਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ 400 ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਟੈਕਨੀਸ਼ੀਅਨਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਬਣਦੀ ਮਹੱਤਤਾ ਦੇਣੀ ਚਾਹੀਦੀ ਹੈ ਜੋ ਪਹਿਲਾਂ ਹੀ ਪੰਜਾਬ ਸਰਕਾਰ ਕੋਲ ਠੇਕੇ ਦੇ ਆਧਾਰ ਉਤੇ ਕੰਮ ਕਰ ਰਹੇ ਹਨ।