ਚੰਡੀਗੜ੍ਹ। ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਓ.ਪੀ.ਡੀ. ਸੇਵਾਵਾਂ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਸਾਰੇ ਬੈੱਡ ਕੋਵਿਡ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ, ਪਰ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ। ਮੀਟਿੰਗ ਵਿੱਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਵੀ ਸ਼ਾਮਲ ਸਨ।
ਮੈਡੀਕਲ ਆਕਸੀਜਨ ਦੀ ਉਪਲਬਧਤਾ ਅਤੇ ਹੋਰ ਜ਼ਰੂਰਤਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਇੱਕ ਮੀਟਿੰਗ ਦੌਰਾਨ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਆਕਸੀਜਨ ਅਤੇ ਕਿਸੇ ਹੋਰ ਡਾਕਟਰੀ ਸਪਲਾਈ ਵਿੱਚ ਕੋਈ ਰੁਕਾਵਟ ਆਉਣ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਆਕਸੀਜਨ ਦੀ ਕਮੀ ਬਾਰੇ ਕੋਈ ਰਿਪੋਰਟ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ, ਤਾਂ ਉਹ ਤੁਰੰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇ।
ਕੈਬਨਿਟ ਮੰਤਰੀ ਨੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਨੂੰ ਕੋਵਿਡ ਮਰੀਜ਼ਾਂ ਲਈ ਐਡਵਾਂਸਡ ਕੈਂਸਰ ਸੈਂਟਰ, ਬਠਿੰਡਾ ਵਿੱਚ 75 ਬੈੱਡ ਰਾਖਵੇਂ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਮੌਜੂਦਾ ਗਿਣਤੀ ਨਾਲੋਂ ਹੋਰ 900 ਬੈੱਡਾਂ ਦਾ ਵਾਧਾ ਕਰਨ ਲਈ ਕਿਹਾ ਗਿਆ ਹੈ। ਸੂਬੇ ਭਰ ਵਿੱਚ ਆਕਸੀਜਨ ਟੈਂਕਰ ਅਤੇ ਉਤਪਾਦਨ ਪਲਾਂਟ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਹਨਾਂ ਨੇ ਲੀਕਜ ਜਾਂ ਦਬਾਅ ‘ਤੇ ਕੰਟਰੋਲ ਰੱਖਣ ਲਈ ਆਕਸੀਜਨ ਦੀ ਸਪਲਾਈ, ਉਪਲਬਧਤਾ ਅਤੇ ਵਰਤੋਂ ਦਾ ਬਾਕਾਇਦਾ ਆਡਿਟ ਕਰਨ ਦੇ ਆਦੇਸ਼ ਵੀ ਦਿੱਤੇ।