ਚੰਡੀਗੜ੍ਹ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਮਨਸੂਬਿਆਂ ‘ਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਕਾਂਗਰਸ ਵਿਧਾਇਕ ਪਰਗਟ ਸਿੰਘ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਸਿੱਧੂ ਵਾਂਗ ਹੀ ਸਰਕਾਰ ਤੋਂ ਖੁੱਲ੍ਹ ਕੇ ਸਵਾਲ ਕਰਨ ਵਾਲੇ ਪਰਗਟ ਸਿੰਘ ਨੇ ਬੇਅਦਬੀਆਂ ਅਤੇ ਗੋਲੀ ਕਾਂਡ ਨੂੰ ਲੈ ਕੇ ਅਸਿੱਧੇ ਤੌਰ ‘ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।
ਬੁੱਧਵਾਰ ਨੂੰ ਚੰਡੀਗੜ੍ਹ ‘ਚ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਪਰਗਟ ਸਿੰਘ ਨੇ ਕਿਹਾ, “ਬੇਅਦਬੀ ਅਤੇ ਗੋਲੀ ਕਾਂਡ ‘ਚ ਇਨਸਾਫ਼ ਕਿਉਂ ਨਹੀਂ ਹੋਇਆ, ਇਹ ਮਸਲੇ ਹੱਲ ਕਿਉਂ ਨਹੀਂ, ਲੋਕ ਇਸ ਬਾਰੇ ਉਹਨਾਂ ਨੂੰ ਮੂੰਹ ‘ਤੇ ਸਵਾਲ ਪੁੱਛਦੇ ਹਨ। 4 ਸਾਲਾਂ ‘ਚ ਅਸੀਂ ਕੀ ਕੀਤਾ, ਲੋਕ ਇਸਦਾ ਜਵਾਬ ਮੰਗ ਰਹੇ ਹਨ। ਜਿਹੜੇ ਵਾਅਦੇ ਅਸੀਂ ਲੋਕਾਂ ਨਾਲ ਕੀਤੇ, ਉਹਨਾਂ ‘ਚੋਂ ਕਿੰਨੇ ਵਫਾ ਹੋਏ ਤੇ ਜਿਹੜੇ ਰਹਿ ਗਏ, ਉਹ ਕਿਉਂ ਰਹਿ ਗਏ, ਹਰ ਗੱਲ ਦਾ ਲੋਕ ਜਵਾਬ ਮੰਗ ਰਹੇ ਹਨ।”
‘ਸੀਐੱਮ ਕੈਪਟਨ ਲੈਣ ਜ਼ਿੰਮੇਵਾਰੀ’
ਨਵਜੋਤ ਸਿੱਧੂ ਦੀ ਹੀ ਗੱਲ ਨੂੰ ਅੱਗੇ ਤੋਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਬਤੌਰ ਗ੍ਰਹਿ ਮੰਤਰੀ ਜਾਂ ਗ੍ਰਹਿ ਸਕੱਤਰ, ਉਹ ਕੋਰਟ ‘ਚ ਸਰਕਾਰ ਦਾ ਪੱਖ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕੇ, ਇਸਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਰਗਟ ਸਿੰਘ ਨੇ ਕਿਹਾ ਕਿ ਜੋ ਕੁਝ ਹੋ ਰਿਹਾ ਹੈ, ਉਹ ਨਹੀਂ ਹੋਣਾ ਚਾਹੀਦਾ। ਸੂਬੇ ਦੇ ਲੋਕ ਕੈਪਟਨ ਵਰਗੇ ਪ੍ਰਸ਼ਾਸਕ ਤੋਂ ਅਜਿਹੀਆਂ ਚੀਜ਼ਾਂ ਦੀ ਉਮੀਦ ਨਹੀਂ ਕਰਦੇ।
‘ਸਾਰੇ ਵਿਧਾਇਕ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ’
ਪਰਗਟ ਸਿੰਘ ਨੇ ਕਿਹਾ ਕਿ ਮੇਰੀਆਂ ਗੱਲਾਂ ਨਾਲ ਲਗਭਗ ਸਾਰੇ ਵਿਧਾਇਕ ਇੱਤੇਫਾਕ ਰਖਦੇ ਹੋਣਗੇ, ਪਰ ਉਹ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ। ਉਹਨਾਂ ਕਿਹਾ ਕਿ ਸਭ ਨੂੰ ਮੁੱਦਿਆਂ ‘ਤੇ ਕੰਮ ਕਰਨਾ ਚਾਹੀਦਾ ਹੈ। ਕਿਸੇ ਸ਼ਖਸ ‘ਤੇ ਅਧਾਰਤ ਰਾਜਨੀਤੀ ਨਹੀਂ ਕਰਨੀ ਚਾਹੀਦੀ, ਬਲਕਿ ਮੁੱਦਿਆਂ ‘ਤੇ ਅਧਾਰਤ ਰਾਜਨੀਤੀ ਕਰਨੀ ਚਾਹੀਦੀ ਹੈ।
‘2017 ਦੇ ਮੁਕਾਬਲੇ ਅੱਜ ਸਥਿਤੀ ਹੋਰ’
ਪਰਗਟ ਸਿੰਘ ਨੇ ਕਿਹਾ ਕਿ 2017 ‘ਚ ਕਾਂਗਰਸ ਨੇ ਜ਼ਰੂਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ‘ਤੇ ਚੋਣ ਜਿੱਤੀ ਸੀ, ਪਰ ਮੌਜੂਦਾ ਸਥਿਤੀ ਕੁਝ ਹੋਰ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਸਰਵੇ ਕਰਵਾ ਕੇ ਵੇਖ ਸਕਦੇ ਹਨ, ਜਵਾਬ ਮਿਲ ਜਾਵੇਗਾ ਕਿ ਪੰਜਾਬ ਦੇ ਲੋਕ ਕੀ ਰਾਏ ਰਖਦੇ ਹਨ। ਉਹਨਾਂ 2019 ‘ਚ ਮੁੱਖ ਮੰਤਰੀ ਨੂੰ ਲਿਖੀ ਉਸ ਚਿੱਠੀ ਦਾ ਵੀ ਜ਼ਿਕਰ ਕੀਤਾ, ਜਿਸ ‘ਚ ਪਰਗਟ ਸਿੰਘ ਨੇ ਕਿਹਾ ਸੀ ਕਿ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਿਹੜੇ-ਕਿਹੜੇ ਮੁੱਦਿਆਂ ‘ਤੇ ਕੰਮ ਕਰਨਾ ਚਾਹੀਦਾ ਹੈ।
‘ਜਲਦ ਮਿਲਣਾ ਚਾਹੀਦਾ ਇਨਸਾਫ਼’
ਇਹਨਾਂ ਸਾਰੇ ਹਮਲਿਆਂ ਵਿਚਾਲੇ ਪਰਗਟ ਸਿੰਘ ਨੇ ਕਿਹਾ ਕਿ ਅੱਜ ਜੇਕਰ ਕੋਈ ਸਵਾਲ ਚੁੱਕਦਾ ਹੈ, ਤਾਂ ਉਸ ਨੂੰ ਗਲਤ ਕਹਿ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਸਲ ਮਾਮਲਾ ਤਾਂ ਨਿਆਂ ਮਿਲਣ ਦਾ ਹੈ ਤੇ ਉਹ ਮਿਲਣਾ ਚਾਹੀਦਾ ਹੈ। ਇਸਦੇ ਲਈ ਉਹਨਾਂ ਜਲਦ ਤੋਂ ਜਲਦ SIT ਦਾ ਗਠਨ ਕਰ ਮਾਮਲੇ ਦੀ ਜਾਂਚ ਛੇਤੀ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ, ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ:- ਕੈਪਟਨ ਦੀ ਅਗਵਾਈ ‘ਤੇ ਸਵਾਲ, ਕੀ ਸਿੱਧੂ ਨੂੰ ਹੋਵੇਗਾ ਇਸਦਾ ‘ਮਲਾਲ’ ?