ਬਿਓਰੋ। ਸੋਨੀਪਤ ਦੇ ਸਿੰਘੂ ਬਾਰਡਰ ‘ਤੇ ਹੋਈ ਤਰਨਤਾਰਨ ਦੇ ਲਖਬੀਰ ਸਿੰਘ ਦੇ ਕਤਲ ਦੀ ਜਾਂਚ ਹੁਣ ਪੰਜਾਬ ਸਰਕਾਰ ਵੀ ਕਰਵਾਏਗੀ। ਪੰਜਾਬ ਸਰਕਾਰ ਨੇ ADGP ਅਤੇ ਬਿਓਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ IPS ਵਰਿੰਦਰ ਕੁਮਾਰ ਦੀ ਅਗਵਾਈ ਵਿੱਚ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾ ਦਿੱਤੀ ਹੈ। ਇਸ SIT ਵਿੱਚ ਵਰਿੰਦਰ ਕੁਮਾਰ ਤੋਂ ਇਲਾਵਾ ਫਿਰੋਜ਼ਪੁਰ ਰੇਂਜ ਦੇ DIG ਇੰਦਰਬੀਰ ਸਿੰਘ ਅਤੇ ਤਰਨਤਾਰਨ ਜਿਲ੍ਹੇ ਦੇ SSP ਹਰਵਿੰਦਰ ਸਿੰਘ ਵਿਰਕ ਸ਼ਾਮਲ ਹਨ।
ਸਾਰੇ ਪਹਿਲੂਆਂ ਦੀ ਜਾਂਚ ਕਰੇਗੀ SIT
ਪੰਜਾਬ ਪੁਲਿਸ ਦੀ SIT ਇਸ ਕੇਸ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ। SIT ਲਖਬੀਰ ਦੇ ਫੋਨ ਦੀ ਕਾਲ ਡਿਟੇਲ ਕਢਵਾਉਣ ਦੇ ਨਾਲ-ਨਾਲ ਉਸਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ। SIT ਇਹ ਵੀ ਪਤਾ ਲਗਾਏਗੀ ਕਿ ਜਿਸ ਲਖਬੀਰ ਕੋਲ ਰੋਟੀ ਤੱਕ ਦੇ ਪੈਸੇ ਨਹੀਂ ਹੁੰਦੇ ਸਨ, ਉਹ ਆਪਣੇ ਪਿੰਡ ਚੀਮਾ ਤੋਂ ਦਿੱਲੀ ਵਿੱਚ ਸਿੰਘੂ ਬਾਰਡਰ ‘ਤੇ ਕਿਵੇਂ ਪਹੁੰਚ ਗਿਆ? ਕੌਣ ਉਸ ਨੂੰ ਉਥੇ ਲੈ ਕੇ ਗਿਆ ਤੇ ਕਿਉਂ? SIT ਇਸ ਗੱਲ ਦੀ ਵੀ ਜਾਂਚ ਕਰੇਗੀ..ਕੀ ਲਖਬੀਰ ਨੇ ਬੇਅਦਬੀ ਕੀਤੀ? ਤੇ ਜੇਕਰ ਕੀਤੀ, ਤਾਂ ਕੀ ਬੇਅਦਬੀ ਲਈ ਉਸ ਨੂੰ ਕਿਸੇ ਨੇ ਪੈਸੇ ਦਿੱਤੇ ਸਨ?
ਨਵੀਂ ਵੀਡੀਓ ਵੀ ਸਾਹਮਣੇ ਆਈ
ਇਸ ਵਿਚਾਲੇ ਲਖਬੀਰ ਦੀ ਸਿੰਘੂ ਬਾਰਡਰ ਤੋਂ ਇੱਕ ਨਵੀਂ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਸਦੇ ਸਰੀਰ ‘ਤੇ ਕੋਈ ਸੱਟ ਨਹਂ ਹੈ। ਇਸ ਵੀਡੀਓ ਵਿੱਚ ਲਖਬੀਰ ਉਥੇ ਮੌਜੂਦ ਲੋਕਾਂ ਨੂੰ ਇੱਕ ਮੋਬਾਈਲ ਨੰਬਰ ਦੱਸ ਰਿਹਾ ਹੈ। ਇਸ ਵੀਡੀਓ ਦੇ ਕੁਝ ਸਮਾਂ ਬਾਅਦ ਹੀ ਲਖਬੀਰ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਬੇਰਹਿਮੀ ਨਾਲ ਕੀਤੀ ਗਈ ਲਖਬੀਰ ਦਾ ਕਤਲ
ਦੱਸ ਦਈਏ ਕਿ 15 ਅਕਤੂਬਰ, ਦੁਸਹਿਰੇ ਵਾਲੀ ਸਵੇਰ ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਉਥੇ ਮੌਜੂਦ ਨਿਹੰਗਾਂ ਨੇ ਦਾਅਵਾ ਕੀਤਾ ਕਿ ਉਸ ਨੂੰ ਕਿਸੇ ਨੇ 30 ਹਜਾਰ ਰੁਪਏ ਦੇ ਕੇ ਉਹਨਾਂ ਦੇ ਡੇਰੇ ਵਿੱਚ ਭੇਜਿਆ ਅਤੇ ਉਸ ਨੂੰ ਉਥੇ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਕਿਹਾ ਗਿਆ। ਨਿਹੰਗਾਂ ਮੁਤਾਬਕ, ਜਦੋਂ ਲਖਬੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਭੱਜ ਰਿਹਾ ਸੀ, ਤਾਂ ਸੇਵਾਦਾਰਾਂ ਨੇ ਉਸ ਨੂੰ ਵੇਖਿਆ ਅਤੇ ਰੋਕ ਲਿਆ। ਪੈਸੇ ਦੇਣ ਵਾਲਿਆਂ ਦੇ ਨਾਂਅ ਨਾ ਦੱਸਣ ‘ਤੇ ਨਿਹੰਗਾਂ ਨੇ ਉਸਦਾ ਇੱਕ ਹੱਥ ਅਤੇ ਪੈਰ ਵੱਢ ਦਿੱਤਾ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।