ਚੰਡੀਗੜ੍ਹ। ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ‘ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਕੌਮੀ ਮੀਤ ਚੇਅਰਮੈਨ ਅਵਿਨਾਸ਼ ਰਾਏ ਖੰਨਾ ਅਤੇ ਪੰਜਾਬ ਬੀਜੇਪੀ ਦੇ ਸਾਬਕਾ ਸਕੱਤਰ ਵਿਨੀਤ ਜੋਸ਼ੀ ਨੇ ਕੀਤਾ। ਦੋਵੇਂ ਆਗੂਆਂ ਨੇ ਰਾਜਪਾਲ ਨੂੰ ਸਰਕਾਰ ਦੀ ਸ਼ਿਕਾਇਤ ਕਰਦਿਆਂ ਮੰਗ ਪੱਤਰ ਸੌੰਪਿਆ ਅਤੇ ਸਿਹਤ ਸਹੂਲਤਾਂ ‘ਚ ਸੁਧਾਰ ਦੀ ਮੰਗ ਕੀਤੀ।
ਦੋਹਾਂ ਆਗੂਆਂ ਨੇ ਇਲਜ਼ਾਮ ਲਾਇਆ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਬਹੁਤ ਘਾਟ ਹੈ। ਇਸ ਤੋਂ ਇਲਾਵਾ ਆਕਸੀਜਨ ਅਤੇ ਜੀਵਨ ਰੱਖਿਅਕ ਦਵਾਈਆਂ ਵੀ ਨਹੀਂ ਮਿਲ ਰਹੀਆਂ। ਬੀਜੇਪੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮਹਿਕਮੇ ਦੀ ਅਣਦੇਖੀ ਕਾਰਨ ਸੂਬੇ ਵਿਚ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਕੋਵਿਡ ਕਾਰਨ ਰੋਜ਼ਾਨਾ 100 ਤੋਂ ਵੱਧ ਮੌਤਾਂ ਹੋ ਰਹੀਆਂ ਹਨ।
ਖੰਨਾ ਨੇ ਕਿਹਾ ਕਿ ਰਾਜ ਸਰਕਾਰ ਆਮ ਲੋਕਾਂ ਵਿਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਚ ਅਤੇ ਕੋਵਿਡ ਨਿਯਮਾਂ ਦੀ ਆਮ ਜਨਤਾ ਤੋਂ ਪਾਲਣਾ ਕਰਵਾਉਣ ’ਚ ਨਾਕਾਮ ਰਹੀ ਹੈ, ਇਸ ਕਰਕੇ ਲਗਾਤਾਰ ਪਾਜੇਟਿਵ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਉਹਨਾਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਅਜਿਹੀ ਹਾਲਤ ਵਿੱਚ ਉਨਾਂ ਨੂੰ ਰਾਜ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਮੁੱਢਲੀ ਸਿਹਤ ਸਹੂਲਤਾ ਮੁਹਈਆ ਕਰਵਾਉਣੀਆਂ ਚਾਹੀਦੀਆਂ ਹਨ।
ਪੰਜਾਬ ਸਰਕਾਰ ਨੂੰ ਸੁਝਾਅ !
ਬੀਜੇਪੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਲੀਨਿਕਾਂ ’ਚ ਪ੍ਰਾਈਵੇਟ ਪ੍ਰੈਕਟੀਸ ਕਰ ਰਹੇ ਐਲੋਪੈਥੀ ਅਤੇ ਆਯੁਰਵੇਦਾ ਡਾਕਟਰਾਂ ਦੀ ਸੇਵਾਵਾਂ ਲੈ ਕੇ ਉਨਾਂ ਦੀ ਡਿਊਟੀ ਕੋਰੋਨਾ ਹਸਪਤਾਲਾਂ ਵਿਚ ਲਾਈ ਜਾਵੇ। ਇਸ ਤੋਂ ਇਲਾਵਾ ਜਿਹੜੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦਾ ਇਲਾਜ ਨਹੀਂ ਹੋ ਰਿਹਾ, ਉਨਾਂ ਸਰਕਾਰੀ ਡਾਕਟਰਾਂ, ਨਰਸਾਂ ਨੂੰ ਵੀ ਤੁਰੰਤ ਕੋਰੋਨਾ ਹਸਪਤਾਲਾਂ ਵਿਚ ਡਿਊਟੀ ਵਾਸਤੇ ਭੇਜਿਆ ਜਾਵੇ। ਉਨਾਂ ਕਿਹਾ ਕਿ ਸਰਕਾਰ ਨੂੰ ਮੈਡੀਕਲ ਖੇਤਰ ਵਿੱਚ ਹੋ ਰਹੀ ਜਮਾ ਖੋਰੀ, ਕਾਲਾ ਬਾਜਾਰੀ ’ਤੇ ਨੱਥ ਪਾਉਣ ਅਤੇ ਇਸ ’ਤੇ ਸਖਤ ਕਦਮ ਚੁੱਕਣ ਦੀ ਵੀ ਲੋੜ ਹੈ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਅਫਵਾਹਾਂ ਨੂੰ ਵੀ ਰੋਕਣਾ ਚਾਹੀਦਾ ਹੈ ਅਤੇ ਸ਼ਰਾਰਤੀ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵੈਕਸੀਨ ਸਾਰੀਆਂ ਨੂੰ ਲੱਗ ਜਾਵੇ ਇਸ ਦੇ ਲਈ ਕੇਂਦਰ ’ਤੇ ਦੋਸ਼ ਲਾਉਣ ਥਾਂ ਪੰਜਾਬ ਭਰ ਵਿਚ ਢੁੱਕਵੇਂ ਪ੍ਰਬੰਧ ਕੀਤੇ ਜਾਣ।