ਬਿਓਰੋ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਕਾਂਗਰਸ ਸ਼ਾਸਤ ਸੂਬਿਆਂ ਦੀ ਮੀਟਿੰਗ ਕਰ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਕੀਤੀ। ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੋਈ ਇਸ ਮੀਟਿੰਗ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ‘ਚ ਕੋਰੋਨਾ ਵੈਕਸੀਨ ਦੀ ਘਾਟ ਹੈ। ਇਸ ਬੈਠਕ ‘ਚ ਰਾਹੁਲ ਗਾਂਧੀ ਵੀ ਮੌਜੂਦ ਸਨ।
ਸੀਐੱਮ ਮੁਤਾਬਕ, ਇਸ ਵੇਲੇ ਸੂਬੇ ਕੋਲ 5.7 ਲੱਖ ਵੈਕਸੀਨ ਡੋਜ਼ ਹਨ, ਜੋਕਿ ਮੌਜੂਦਾ ਵੈਕਸੀਨੇਸ਼ਨ ਦਰ ਦੇ ਹਿਸਾਬ ਨਾਲ 5 ਦਿਨਾਂ ‘ਚ ਖ਼ਤਮ ਹੋ ਜਾਣਗੇ। ਪਰ ਜੇਕਰ ਸੂਬਾ ਸਰਕਾਰ ਵੱਲੋਂ ਮਿੱਥਿਆ ਗਿਆ 2 ਲੱਖ ਵੈਕਸੀਨ ਪ੍ਰਤੀ ਦਿਨ ਦਾ ਟੀਚਾ ਪੂਰਾ ਕਰ ਲਿਆ ਜਾਂਦਾ ਹੈ, ਤਾਂ ਇਹ ਡੋਜ਼ 3 ਦਿਨ ਹੀ ਚੱਲਣਗੀਆਂ। ਉਹਨਾਂ ਕੇਂਦਰ ਨੂੰ ਜਾਣਕਾਰੀ ਦੇਣ ਲਈ ਕਿਹਾ ਕਿ ਅਗਲਾ ਸਟਾਕ ਪੰਜਾਬ ‘ਚ ਕਦੋਂ ਭੇਜਿਆ ਜਾਵੇਗਾ। ਸੀਐੱਮ ਨੇ ਕਿਹਾ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਵੀ ਲਿਖ ਚੁੱਕੇ ਹਨ।
‘ਵੈਕਸੀਨੇਸ਼ਨ ਦੀ ਸੁਸਤ ਰਫ਼ਤਾਰ ਲਈ ਕੇਂਦਰ ਜ਼ਿੰਮੇਵਾਰ’
ਮੀਟਿੰਗ ਦੌਰਾਨ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਵੈਕਸੀਨੇਸ਼ਨ ਦੀ ਸੁਸਤ ਰਫ਼ਤਾਰ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸੀਐੱਮ ਨੇ ਕਿਹਾ, “ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਰਤ ਸਰਕਾਰ ਖਿਲਾਫ਼ ਗੁੱਸੇ ਦੇ ਚਲਦੇ ਲੋਕ ਵੈਕਸੀਨੇਸ਼ਨ ਲਈ ਨਹੀਂ ਆ ਰਹੇ। ਪੰਜਾਬ ‘ਚ ਵਧੇਰੇਤਰ ਲੋਕ ਖੇਤੀਬਾੜੀ ਨਾਲ ਸਬੰਧਤ ਹਨ ਅਤੇ ਆਮ ਲੋਕ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਇਸੇ ਗੁੱਸੇ ਦੇ ਚਲਦੇ ਵੈਕਸੀਨੇਸ਼ਨ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ, ਪਰ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਜਾ ਰਹੀ ਹੈ।”
ਇਸ ਦੌਰਾਨ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਕੇਂਦਰ ਸਰਕਾਰ ਨਾਲ ਕੋਰੋਨਾ ‘ਤੇ ਹੋਏ ਮੰਥਨ ਅਤੇ ਕੇਂਦਰ ਨੂੰ ਇਸ ਸਬੰਧੀ ਲਿਖੇ ਪੱਤਰਾਂ ਬਾਰੇ ਵੀ ਜਾਣਕਾਰੀ ਦਿੱਤੀ। ਨਾਲ ਹੀ ਭਰੋਸਾ ਦਵਾਇਆ ਕਿ ਉਹਨਾਂ ਦੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ।