ਬਿਓਰੋ। ਪੰਜਾਬ ‘ਚ ਕੋਵਿਡ-19 ਮਾਮਲਿਆਂ ਵਿੱਚ ਭਾਰੀ ਵਾਧੇ ਦੇ ਚਲਦੇ ਸਰਕਾਰ ਵੱਲੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ, ਪਰ ਕਈ ਲੋਕ ਅਜੇ ਵੀ ਇਹਨਾਂ ਪਾਬੰਦੀਆਂ ਨੂੰ ਟਿੱਚ ਜਾਣ ਰਹੇ ਹਨ। ਅਜਿਹੇ ‘ਚ ਪੰਜਾਬ ਪੁਲਿਸ ਇਹਨਾਂ ਪਾਬੰਦੀਆਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਬੇਹੱਦ ਸਖਤ ਨਜ਼ਰ ਆ ਰਹੀ ਹੈ, ਤਾਂ ਜੋ ਲੋਕਾਂ ਨੂੰ ਵਾਇਰਸ ਤੋਂ ਬਚਾਇਆ ਜਾ ਸਕੇ।
3 ਦਿਨਾਂ ‘ਚ 600 ਤੋਂ ਵੱਧ ਗ੍ਰਿਫ਼ਤਾਰੀਆਂ
DGP ਦਿਨਕਰ ਗੁਪਤਾ ਮੁਤਾਬਕ, ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪਿਛਲੇ ਤਿੰਨ ਦਿਨਾਂ ਵਿੱਚ ਸੂਬੇ ਭਰ ਵਿੱਚ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਲਈ ਲਗਭਗ 6531 ਚਲਾਨ ਕੱਟੇ ਹਨ ਅਤੇ 629 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 2 ਮਈ ਤੋਂ 4 ਮਈ, 2021 ਦੇ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਕੋਵਿਡ-੍19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਖਿ਼ਲਾਫ਼ 560 ਦੇ ਕਰੀਬ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਹੋਟਲ, ਮੈਰਿਜ ਪੈਲੇਸ, ਰੈਸਟੋਰੈਂਟ, ਦੁਕਾਨਾਂ ਆਦਿ ਦੇ ਮਾਲਕ ਸ਼ਾਮਲ ਹਨ।
ਪ੍ਰਮੁੱਖ ਅਦਾਰਿਆਂ ਖਿ਼ਲਾਫ਼ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਰੈਸਟੋਰੈਂਟ ਅਰੇਬੀਅਨ ਕਬਾਬ ਅਤੇ ਮਾਸਟਰ ਬਰਗਰ ਨੇੇ ਰਾਤ ਦੇ ਕਰਫਿਊ ਦੌਰਾਨ ਸਮੇਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ । ਇਸ ਤੋਂ ਇਲਵਾ ਪੈਟ੍ਰੋਲ ਪੰਪ ਮਾਲਕਾਂ ਖਿ਼ਲਾਫ਼ ਵੀ ਕੇਸ ਦਰਜ ਕੀਤਾ ਹੈ ਜਿੱਥੇ ਜਿ਼ਆਦਾਤਰ ਕਰਮਚਾਰੀ ਬਿਨਾਂ ਮਾਸਕ ਦੇ ਅਤੇ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕਰਦੇ ਪਾਏ ਗਏ ਸਨ।
ਇਸੇ ਤਰ੍ਹਾਂ ਬਰਨਾਲਾ ਪੁਲਿਸ ਨੇ ਰਾਇਲ ਗ੍ਰੀਨ ਰਿਜ਼ਾਰਟਜ਼ ਦੇ ਮਾਲਕ ਖਿਲਾਫ ਕੋਵਡ -19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ FIR ਦਰਜ ਕੀਤੀ ਹੈ, ਜਦੋਂ ਕਿ ਹੁਸਿ਼ਆਰਪੁਰ ਪੁਲਿਸ ਨੇ ਰਾਤ ਦੇ ਕਰਫਿਊ ਦੇ ਸਮੇਂ ਦੌਰਾਨ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਸ਼ਰਾਬ ਪੀਂਦੇ 3 ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ। ਹਾਲ ਹੀ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਰਮਾਡਾ ਹੋਟਲ ਅਤੇ ਗੁਲਸ਼ਨ ਪੈਲੇਸ ਦੇ ਮਾਲਕਾਂ ਉੱਤੇ 20 ਤੋਂ ਵੱਧ ਮਹਿਮਾਨਾਂ ਵਾਲੀ ਪਾਰਟੀ ਦਾ ਆਯੋਜਨ ਕਰਨ ਲਈ ਵੀ ਕੇਸ ਦਰਜ ਕੀਤਾ ਸੀ, ਜਦੋਂ ਕਿ ਤਾਜ ਰੈਸਟੋਰੈਂਟ ਅਤੇ ਯੰਮੀ ਫਾਸਟ ਫੂਡ ਦੇ ਮਾਲਕਾਂ ਉੱਤੇ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ ਗਿਆ ।
’66 ਹਜ਼ਾਰ ਲੋਕਾਂ ਦੇ ਕੋਰੋਨਾ ਟੈਸਟ ਕਰਵਾਏ’
ਡੀ.ਜੀ.ਪੀ. ਨੇ ਕਿਹਾ ਕਿ ਜੁਰਮਾਨੇ ਕਰਨ ਤੋਂ ਇਲਾਵਾ, ਪੁਲਿਸ ਨੇ ਕੋਵਿਡ-19 ਦੇ ਢੁਕਵੇਂ ਵਿਹਾਰ ਨਾ ਅਪਣਾਉਣ ਵਾਲੇ 66000 ਤੋਂ ਵੱਧ ਵਿਅਕਤੀਆਂ ਦੇ RT-PCR ਟੈਸਟ ਕਰਵਾਏੇ। ਉਨ੍ਹਾਂ ਕਿਹਾ ਕਿ 19 ਮਾਰਚ 2021 ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਪੰਜਾਬ ਪੁਲਿਸ ਨੇ 6.9 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਤੋਂ ਇਲਾਵਾ ਰਾਜ ਭਰ ਦੇ 1 ਲੱਖ ਲੋਕਾਂ ਨੂੰ ਫੇਸ ਮਾਸਕ ਨਾ ਪਹਿਨਣ ਲਈ ਜੁਰਮਾਨਾ ਕੀਤਾ। ਨਾਲ ਹੀ 99757 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ।
ਲੋਕਾਂ ਨੂੰ ਼ਅਪੀਲ ਵੀ, ਚੇਤਾਵਨੀ ਵੀ
ਡੀ.ਜੀ.ਪੀ. ਨੇ ਇਕ ਵਾਰ ਫਿਰ ਲੋਕਾਂ ਨੂੰ ਦੇਸ਼ ਦੇ 15 ਹੋਰ ਰਾਜਾਂ ਵਿਚ ਆਇਦ ਪਾਬੰਦੀਆਂ ਵਾਂਗ ਹੀ ਸੂਬੇ ਵਲੋਂ ਨਿਰਧਾਰਤ ਪਾਬੰਦੀਆਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਗ੍ਰਿਫਤਾਰੀਆਂ ਅਤੇ ਵਾਹਨਾਂ ਨੂੰ ਜ਼ਬਤ ਕਰਨ ਸਮੇਤ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ।