ਅੰਮ੍ਰਿਤਸਰ। ਅਮਰੀਕਾ ਵਿੱਚ ਇੱਕ ਜਿੰਮ ਟਰੇਨਰ ਸੁਮੀਤ ਸਾਹਨੀ ਵੱਲੋਂ ਆਪਣੀ ਪਿੱਠ ’ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾਉਣ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸਦਾ ਸਖਤ ਨੋਟਿਸ ਲਿਆ ਹੈ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੜਕੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮਹਿਲਾ ਨੇ ਗੁਰਬਾਣੀ ਦਾ ਨਿਰਾਦਰ ਕੀਤਾ- ਧਾਮੀ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਬਾਣੀ ਸਿੱਖਾਂ ਦੀ ਆਸਥਾ ਹੈ ਅਤੇ ਇਸ ਔਰਤ ਨੇ ਆਪਣੇ ਸਰੀਰ ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਦੀ ਅਜਿਹੀ ਹਰਕਤ ਨਾਲ ਸਿੱਖ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ, ਜਿਸ ਕਾਰਨ ਸੰਗਤਾਂ ਅੰਦਰ ਭਾਰੀ ਰੋਸ ਹੈ।
ਅਮਰੀਕੀ ਦੂਤਾਵਾਸ ਤੋੰ ਕਾਰਵਾਈ ਦੀ ਮੰਗ
ਧਾਮੀ ਨੇ ਕਿਹਾ ਕਿ ਕੁਝ ਲੋਕ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਸੱਟ ਮਾਰ ਰਹੇ ਹਨ, ਜਿਨ੍ਹਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਝ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਵਿਚ ਅਮਰੀਕਾ ਦੇ ਦੂਤਾਵਾਸ ਅਤੇ ਅਮਰੀਕਾ ਸਰਕਾਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਤਾਂ ਜੋ ਇਸ ਦੇ ਖਿਲਾਫ ਸਿੱਖ ਭਾਵਨਾਵਾਂ ਅਨੁਸਾਰ ਕਾਰਵਾਈ ਕਰਵਾਈ ਜਾ ਸਕੇ।