ਨਵੀਂ ਦਿੱਲੀ। ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਇਜ਼ਾਫਾ ਵੇਖਿਆ ਜਾ ਰਿਹਾ ਹੈ। ਲੋਕ ਪਹਿਲਾਂ ਹੀ ਸਹਿਮੇ ਹੋਏ ਹਨ, ਪਰ ਹੁਣ ਇੱਕ ਨਵੀਂ ਰਿਸਰਚ ਰਿਪੋਰਟ ਨੇ ਹੋਰ ਵੀ ਡਰਾਉਣ ਵਾਲਾ ਦਾਅਵਾ ਕੀਤਾ ਹੈ। ਦਰਅਸਲ, ਸਟੇਟ ਬੈਂਕ ਆਫ ਇੰਡੀਆ ਦੀ ਰਿਸਰਚ ਟੀਮ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ 100 ਦਿਨਾਂ ਤੱਕ ਰਹੇਗੀ। ਦੂਜੀ ਲਹਿਰ 15 ਫਰਵਰੀ ਤੋਂ ਸ਼ੁਰੂ ਹੋਈ ਮੰਨੀ ਜਾ ਰਹੀ ਹੈ, ਜਿਸਦਾ ਮਤਲਬ ਹੈ ਕਿ ਦੂਜੀ ਲਹਿਰ ਮਈ ਮਹੀਨੇ ਤੱਕ ਰਹੇਗੀ। 23 ਮਾਰਚ ਦੇ ਟ੍ਰੈਂਡ ਦੇ ਅਧਾਰ ‘ਤੇ ਦੂਜੀ ਲਹਿਰ ਦੌਰਾਨ 25 ਲੱਖ ਤੋਂ ਵੱਧ ਲੋਕ ਕੋਰੇਨਾ ਦੀ ਚਪੇਟ ‘ਚ ਆ ਸਕਦੇ ਹਨ।
SBI ਦੀ 28 ਸਫਿਆਂ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਲੋਕਲ ਲੈਵਲ ‘ਤੇ ਕਿਸੇ ਵੀ ਤਰ੍ਹਾਂ ਦਾ ਲੌਕਡਾਊਨ ਪ੍ਰਭਾਵੀ ਨਹੀਂ ਰਹੇਗਾ। ਹਾਲਾਂਕਿ ਇਹਨਾਂ ਦਾ ਕੁਝ ਹੱਦ ਤੱਕ ਅਸਰ ਅਗਲੇ ਮਹੀਨੇ ਤੋਂ ਵੇਖਿਆ ਜਾ ਸਕਦਾ ਹੈ। ਲਿਹਾਜ਼ਾ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਹੀ ਕੋਰੋਨਾ ਖਿਲਾਫ਼ ਜੰਗ ਜਿੱਤਣ ਦਾ ਇੱਕਮਾਤਰ ਜ਼ਰੀਆ ਹੈ। ਰਿਪੋਰਟ ਦੇ ਹਿਸਾਬ ਨਾਲ, ਅਪ੍ਰੈਲ ਦੇ ਤੀਜੇ ਹਫ਼ਤੇ ਤੋਂ ਲੈ ਕੇ ਮਈ ਦੇ ਅੱਧ ਤੱਕ ਕੋਰੋਨਾ ਦਾ ਪੀਕ ਹੋ ਸਕਦਾ ਹੈ।
ਕਾਬਿਲੇਗੌਰ ਹੈ ਕਿ ਦੇਸ਼ ‘ਚ ਹੁਣ ਤੱਕ ਇੱਕ ਕਰੋੜ 17 ਲੱਖ 87 ਹਜ਼ਾਰ 534 ਲੋਕ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਹਨ, ਜਦਕਿ ਇਹਨਾਂ ‘ਚੋਂ 1 ਕਰੋੜ 12 ਲੱਖ 31 ਹਜ਼ਾਰ 650 ਠੀਕ ਵੀ ਹੋਏ ਹਨ। ਪੂਰੇ ਦੇਸ਼ ‘ਚ 1 ਲੱਖ 60 ਹਜ਼ਾਰ 692 ਲੋਕ ਕੋਰੋਨਾ ਦੇ ਚਲਦੇ ਆਪਣੀ ਜਾਨ ਵੀ ਗਵਾ ਚੁੱਕੇ ਹਨ।