ਬਿਓਰੋ। ਕਰੀਬ 3 ਸਾਲ ਪਹਿਲਾਂ ਸੂਬੇ ਦੇ ਕੈਬਨਿਟ ਮੰਤਰੀ ਰਹਿੰਦਿਆਂ ਨਵਜੋਤ ਸਿੱਧੂ ਨੇ ਜਦੋਂ ਆਪਣੀ ਹੀ ਸਰਕਾਰ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕੀਤਾ ਸੀ, ਤਾਂ ਸ਼ਾਇਦ ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਆਉਣ ਵਾਲੇ ਸਮੇਂ ‘ਚ ਉਹਨਾਂ ਦੇ ਨਾਲ-ਨਾਲ ਕਈ ਹੋਰ ਅਜਿਹੀਆਂ ਅਵਾਜ਼ਾਂ ਜੁੜ ਜਾਣਗੀਆਂ, ਜੋ ਆਪਣੀ ਹੀ ਸਰਕਾਰ ਤੋਂ ਚੋਣ ਵਾਅਦਿਆਂ ਦਾ ਹਿਸਾਬ ਮੰਗਣਗੀਆਂ। ਪਿਛਲੇ ਦਿਨੀਂ ਅਸੀਂ ਅਜਿਹੇ ਕਈ ਆਗੂਆਂ ਨੂੰ ੱਖੁੱਲ੍ਹ ਕੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦਿਆਂ ਵੇਖਿਆ।
ਇਹਨਾਂ ਆਗੂਆਂ ਦੀ ਨਰਾਜ਼ਗੀ ਨੂੰ ਅਧਾਰ ਬਣਾ ਕੇ ਹੁਣ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤਿੱਖਾ ਹਮਲਾ ਬੋਲਿਆ ਹੈ ਅਤੇ ਸਾਰੇ ਨਰਾਜ਼ ਆਗੂਆਂ ਨੂੰ ਦਿੱਲੀ ਚੱਲਣ ਦੀ ਨਸੀਹਤ ਦਿੱਤੀ ਹੈ। ਸਰਕਾਰ ਖਿਲਾਫ਼ ਟਵੀਟਸ ਦੀ ਲੜੀ ‘ਚ ਆਪਣੇ ਤਾਜ਼ਾ ਟਵੀਟ ਜ਼ਰੀਏ ਸਿੱਧੂ ਕਹਿੰਦੇ ਹਨ, “2019 ‘ਚ ਮੈਂ ਪੰਜਾਬ ‘ਚ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਅਤੇ ਅੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਨਿਆੰ ਅਤੇ ਦੋਸ਼ੀਆਂ ਤੇ ਉਹਨਾਂ ਨੂੰ ਬਚਾਉਣ ਵਾਲਿਆਂ ਨੂੰ ਸਜ਼ਾ ਦੀ ਮੰਗ ਕਰਦਿਆਂ ਕੀਤੀ ਸੀ। ਹੁਣ, ਸਾਡੇ ਵਿਧਾਇਕਾਂ ਅਤੇ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਜਾਣਾ ਚਾਹੀਦਾ ਹੈ ਅਤੇ ਪੰਜਾਬ ਦਾ ਸੱਚ ਸਾਡੇ ਹਾਈਕਮਾਨ ਅੱਗੇ ਦੱਸਣਾ ਚਾਹੀਦਾ ਹੈ, ਜੋ ਕਿ ਮੈਂ ਸਮੇਂ-ਸਮੇਂ ‘ਤੇ ਕਰਦਾ ਆਇਆ ਹਾਂ।” ਸਿੱਧੂ ਨੇ ਇਸਦੇ ਨਾਲ ਹੀ ਆਪਣੇ ਚੋਣ ਪ੍ਰਚਾਰ ਦੌਰਾਨ ਦਿੱਤੇ ਭਾਸ਼ਣਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।
In 2019, I began & ended my Election Campaign in Punjab seeking – Justice for Sacrilege of Guru Granth Sahib Ji & punishing the culprits & the ONE shielding them… Now, Our MLAs & Party Workers must go to Delhi & speak the Truth of Punjab to our High Command, as I regularly do ! pic.twitter.com/2fSZr8DXBN
— Navjot Singh Sidhu (@sherryontopp) May 20, 2021
ਕਾਬਿਲੇਗੌਰ ਹੈ ਕਿ ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਵਿਧਾਇਕ ਪਰਗਟ ਸਿੰਘ, ਸਾਂਸਦ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਸਰਕਾਰ ਪ੍ਰਤੀ ਖੁੱਲ੍ਹ ਕੇ ਰਾਜ਼ਗੀ ਜਤਾਉਣ ਵਾਲੇ ਆਗੂਆਂ ਦੀ ਸੂਚੀ ‘ਚ ਸ਼ੁਮਾਰ ਹਨ। ਹਾਲਾਂਕਿ ਕਈ ਨਾੰਅ ਅਜਿਹੇ ਵੀ ਹਨ, ਜੋ ਪਿਛਲੇ ਦਿਨੀਂ ਸਰਕਾਰ ਖਿਲਾਫ਼ ਹੋਈਆਂ ਮੀਟਿੰਗਾਂ ਦਾ ਹਿੱਸਾ ਬਣੇ, ਪਰ ਖੁੱਲ੍ਹ ਕੇ ਸਾਹਮਣੇ ਨਹੀਂ ਆਏ। ਇਹਨਾਂ ‘ਚ ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਗੁਰਪ੍ਰੀਤ ਕਾਂਗੜ ਦਾ ਨਾੰਅ ਵੀ ਸ਼ਾਮਲ ਹੈ। ਲਿਹਾਜ਼ਾ, ਨਵਜੋਤ ਸਿੱਧੂ ਇਹਨਾਂ ਸਾਰਿਆਂ ਨੂੰ ਮਿਲ ਕੇ ਆਪਣੀ ਗੱਲ ਦਿੱਲੀ ‘ਚ ਹਾਈਕਮਾਨ ਅੱਗੇ ਰੱਖਣ ਦੀ ਸਲਾਹ ਦੇ ਰਹੇ ਹਨ।